
ਪਠਾਨਕੋਟ, 10 ਅਗਸਤ (ਪ.ਪ) – ਜ਼ਿਲ੍ਹਾ ਸਮਾਜ ਭਲਾਈ ਸੁਸਾਇਟੀ ਪਠਾਨਕੋਟ ਵੱਲੋਂ ਸਥਾਨਿਕ ਬ੍ਰਾਹਮਣ ਸਭਾ ਹਾਲ ਵਿਖੇ ਬੀਤੇ ਦਿਨੀ ਦੀਨਾਨਗਰ ਵਿਖੇ ਹੋਏ ਆਤੰਕੀ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਹੋਮਗਾਰਡ ਜਵਾਨਾਂ ਅਤੇ ਆਮ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਅਯੋਜਿਤ ਕੀਤਾ ਗਿਆ।ਜਿਸ ਵਿੱਚ ਸ਼੍ਰੀ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਸ਼ਾਮਲ ਹੋ ਕੇ ਇਸ ਆਤੰਕੀ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਹੋਮਗਾਰਡ ਜਵਾਨ ਸੁਖਦੇਵ ਰਾਜ (ਅੱਤੇਪੁਰ), ਬੋਧਰਾਜ (ਸੈਦੀਪੁਰ), ਦੇਸ ਰਾਜ (ਜੰਗਲ) ਅਤੇ ਹਮਲੇ ਵਿੱਚ ਮਾਰੇ ਗਏ ਨਾਗਰਿਕਾਂ ਅਮਰਜੀਤ, ਨਿਰਮਲਾ ਦੇਵੀ ਅਤੇ ਮੁਹੰਮਦ ਰਸੂਲ ਦੇ ਪਰਿਵਾਰਾਂ ਨੂੰ ਯਾਦਗਾਰੀ ਚਿੰਨ ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਸ਼੍ਰੀ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਨੇ ਸ਼ਹੀਦ ਪਰਿਵਾਰਾਂ ਦੇ ਦੁੱਖ ਵੰਡਦੇ ਹੋਏ ਕਿਹਾ ਕਿ ਸ਼ਹੀਦਾਂ ਦੇ ਬਲਿਦਾਨਾਂ ਦਾ ਮੋਲ ਤਾਂ ਨਹੀਂ ਚੁਕਾਇਆ ਜਾ ਸਕਦਾ ਪਰ ਉਹਨਾਂ ਦੇ ਪਰਿਵਾਰਾਂ ਨੂੰ ਇੰਨਾ ਮਾਣ-ਸਨਮਾਨ ਦਿੱਤਾ ਜਾਵੇ ਕਿ ਉਹ ਆਪਣੇ ਸ਼ਹੀਦ ਬੇਟਿਆਂ ਦੀ ਸ਼ਹਾਦਤ ‘ਤੇ ਸਾਰੀ ਉਮਰ ਗਰਵ ਮਹਿਸੂਸ ਕਰਨ। ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਦੁੱਖ ਹਰ ਦੇਸ਼ਵਾਸੀ ਦਾ ਗਮ ਹੈ ਜਿਸਨੂੰ ਮਿਲ-ਵੰਡ ਕੇ ਹੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਨਾਲ ਹਰ ਵਕਤ ਖੜੇ ਹਨ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਅੱਤਵਾਦ ਦਾ ਮਸਲਾ ਖੇਤਰੀ ਨ ਹੋ ਕੇ ਰਾਸ਼ਟਰੀ ਹੈ ਅਤੇ ਦੀਨਾਨਗਰ ਅੱਤਵਾਦੀ ਹਮਲਾ ਵੀ ਰਾਜ ਤੇ ਨ ਹੋ ਕੇ ਰਾਸ਼ਟਰ ‘ਤੇ ਹਮਲਾ ਹੈ। ਉਨ੍ਹਾਂ ਵਿਰੋਧੀ ਦਲਾਂ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹੀਦ ਪਰਿਵਾਰਾਂ ਦੇ ਮੌਢੇ ਨਾਲ ਮੌਢਾ ਜੋੜ ਕੇ ਉਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਪਾਕਿ ਦੇ ਇਨ੍ਹਾਂ ਮਾੜੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਰੇ ਲੋਕ ਮਿਲ ਜੁਲ ਕੇ ਤੇ ਡੱਟ ਕੇ ਮੁਕਾਬਲਾ ਕਰਨਗੇ।
ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੀਨਾਨਗਰ ਦੇ ਅੱਤਵਾਦੀ ਹਮਲੇ ਦੌਰਾਨ ਘੰਟਿਆਂ ਲੰਬੀ ਚਲੀ ਮੁਠਭੇੜ ਤੋਂ ਹਮਲੇ ਦੀ ਭਿਆਨਕਤਾ ਦਾ ਅੰਦਾਜਾ ਸ਼ਾਇਦ ਹੀ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਨੇ ਘਾਤ ਲਗਾਕੇ ਹਮਲਾ ਕੀਤਾ ਸੀ ਕਿਉਂਕਿ ਸਵੇਰ ਦੇ ਸਮੇਂ ਪੁਲੀਸ ਸਟੇਸ਼ਨਾਂ ਵਿੱਚ ਨਫ਼ਰੀ ਘੱਟ ਹੁੰਦੀ ਹੈ। ਉਹਨਾਂ ਕਿਹਾ ਕਿ ਡੀ.ਜੀ.ਪੀ. ਪੰਜਾਬ ਸਣੇ ਪੁਲੀਸ ਵਿਭਾਗ ਵਿੱਚ ਤਾਇਨਾਤ ਸਾਰੇ ਰੈਂਕ ਦੇ ਅਧਿਕਾਰੀਆਂ ਨੇ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੈ ਜਿਸਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਅਤੇ ਨ ਹੀ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਅਦਾ ਕੀਤਾ ਜਾ ਸਕਦਾ ਹੈ। ਵਿਧਾਇਕ ਨੇ ਪੰਜਾਬ ਪੁਲੀਸ ਦੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਵਿੱਚ ਦਿਖਾਈ ਗਈ ਸ਼ੂਰਵੀਰਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਪਹਿਲੇ ਹੀ ਅੱਤਵਾਦ ਦਾ ਲੰਬਾ ਕਾਲਾ ਦੌਰ ਝੇਲਿਆ ਹੈ ਅਤੇ ਰਾਜ ਦੀ ਜਨਤਾ ਅੱਤਵਾਦ ਪ੍ਰੋਤਸਾਹਨ ਕਰਨ ਵਾਲੀਆਂ ਸ਼ਕਤੀਆਂ ਨੂੰ ਰਾਜ ਵਿੱਚ ਦੁਬਾਰਾ ਸਿਰ ਨਹੀਂ ਉਠਾਉਣ ਦੇਵੇਗੀ।
ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਹਰਿੰਦਰ ਕੌਰ, ਰਾਮ ਸਵਰੂਪ ਬਾਗੀ, ਰਿ. ਕਰਨਲ ਸਾਗਰ ਸਿੰਘ ਸਲਾਰੀਆ, ਵਿਪਨ ਮਹਾਜਨ ਹਾਜਰ ਸਨ।
Punjab Post Daily Online Newspaper & Print Media