Thursday, March 5, 2026

ਸੁਤੰਤਰਤਾ ਦਿਵਸ ਮੌਕੇ ਫਾਜ਼ਿਲਕਾ ‘ਚ ਕੈਬਨਿਟ ਮੰਤਰੀ ਜਿਆਣੀ ਨੇ ਲਹਿਰਾਇਆ ਤਿਰੰਗਾ

ਦੇਸ਼ ਭਗਤੀ ਤੇ ਸੱਭਿਆਚਾਰਕ ਪੇਸ਼ਕਾਰੀ ਨੇ ਕੀਤਾ ਦਰਸ਼ਕਾਂ ਨੂੰ ਮੰਤਰ ਮੁਗਧ

PPN1508201504 PPN1508201505

ਫਾਜ਼ਿਲਕਾ, 15 ਅਗਸਤ (ਵਿਨੀਤ ਅਰੋੜਾ) – 69ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਸਿਵਲ ਹਪਸਤਾਲਾਂ ਵਿਚ ਇਲਾਜ ਲਈ ਦਾਖ਼ਲ ਹੋਣ ਵਾਲੇ ਮਰੀਜਾਂ ਦਾ ਪਹਿਲੇ 24 ਘੰਟੇ ਇਲਾਜ ਮੁਫ਼ਤ ਕੀਤਾ ਜਾਵੇਗਾ। ਇਹ ਸਕੀਮ ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੁਰਘਟਨਾ ਜਾਂ ਬਿਮਾਰੀ ਦੀ ਸੂਰਤ ਵਿਚ ਜੇਕਰ ਕਿਸੇ ਮਰੀਜ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋਣ ਦੀ ਜਰੂਰਤ ਪੈਂਦੀ ਹੈ ਤਾਂ ਉਸ ਨੂੰ ਪਹਿਲੇ 24 ਘੰਟੇ ਦਾ ਮੁਕੰਮਲ ਇਲਾਜ ਮੁਫ਼ਤ ਹੋਵੇਗਾ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਚੌ: ਸੁਰਜੀਤ ਕੁਮਾਰ ਜਿਆਣੀ ਨੇ ਅੱਜ ਨਵੀਂ ਅਨਾਜ ਮੰਡੀ ਫਾਜ਼ਿਲਕਾ ਵਿਖੇ 69ਵੇਂ ਸੁਤੰਤਰਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪੰਰਤ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਲੋਕਾਂ ਖਾਸ ਕਰਕੇ ਗਰੀਬ ਵਰਗਾਂ ਦੀ ਭਲਾਈ ਲਈ ਕਾਰਗਰ ਸਾਬਤ ਹੋਵੇਗੀ। ਸ਼੍ਰੀ ਜਿਆਣੀ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦਾ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੇ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਸਾਡੀ ਸਮੁੱਚੀ ਕਾਰਗੁਜ਼ਾਰੀ ਉੱਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਆਗੂਆਂ ਵੱਲੋਂ ਆਜ਼ਾਦ ਭਾਰਤ ਦੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੇ ਅਜੇ ਹੀ ਬੜਾ ਕੁੱਝ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾ ਸਕੇ ।
ਕੈਬਨਿਟ ਮੰਤਰੀ ਚੌ.ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿਹਤ, ਉਦਯੋਗ ਆਦਿ ਹਰ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਸ਼ਾਸਕੀ ਸੁਧਾਰਾਂ ਨਾਲ ਰਾਜ ਦੇ ਲੋਕਾਂ ਨੂੰ ਸਮਾਂ ਬੰਧ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਚੋ.ਸੁਰਜੀਤ ਕੁਮਾਰ ਜਿਆਣੀ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
ਇਸ ਮੌਕੇ ਪੰਜਾਬ ਪੁਲੀਸ, ਪੰਜਾਬ ਮਹਿਲਾ ਪੁਲੀਸ, ਐਨ.ਸੀ.ਸੀ. ਅਤੇ ਆਰਮੀ ਬੈਂਡ ਦੀਆਂ ਟੁਕੜੀਆਂ ਵੱਲੋਂ ਡੀ.ਐਸ.ਪੀ ਸ਼੍ਰੀ ਜਸਬੀਰ ਸਿੰਘ ਦੀ ਅਗਵਾਈ ਹੇਠ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਗਈ।ਇਸ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਰੰਗਾ-ਰੰਗ ਦੇਸ਼ ਭਗਤੀ ਤੇ ਸਭਿਚਾਰਕ ਉਤਸ਼ਾਹ ਨੂੰ ਦਰਸਾਉਂਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ, ਪਸ਼ੁ ਪਾਲਣ ਵਿਭਾਗ, ਡੇਅਰੀ ਵਿਭਾਗ, ਮਿਲਕਫੈਡ, ਮੱਛੀ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ, ਸ਼ੁਗਰ ਮਿਲ, ਮਾਰਕਫੈਡ ਦੇ ਵਿਕਾਸ ਅਤੇ ਬੱਚਿਆਂ ਦੇ ਹੱਕਾਂ ਅਤੇ ਕਾਨੂੰਨੀ ਜਾਗਰੂਕਤਾ ਨੂੰ ਦਰਸਾਉਂਦੀ ਝਾਕੀ ਸੇਵ ਦਾ ਚਾਇਲਡਰਨ ਆਦਿ ਝਾਕੀਆਂ ਪੇਸ਼ ਕੀਤੀਆਂ ਗਈਆਂ।ਸਮਾਗਮ ਦੌਰਾਨ ਅਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਆਸ਼ਰਿਤਾਂ, ਕਾਰਗਿਲ ਸ਼ਹੀਦਾਂ ਦੇ ਪਰਿਵਾਰਾ, ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੌਗ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ, ਵਿਦਿਆਰਥੀਆਂ, ਖਿਡਾਰੀਆਂ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼੍ਰੀ ਜਿਆਣੀ ਨੇ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ।
ਸਮਾਗਮ ਦੇ ਅਖ਼ੀਰ ਵਿਚ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਸਵਪਨ ਸ਼ਰਮਾ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਜੱਜ ਸਾਹਿਬਾਨ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਮੀਤ ਜਰਾਂਗਲ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ. ਫਾਜ਼ਿਲਕਾ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਸ.ਗੁਰਮੀਤ ਸਿੰਘ ਐਸ.ਪੀ. (ਡੀ), ਜਿਲ੍ਹਾ ਸਿੱਖਿਆ ਅਫਸਰ(ਸੈ.) ਸ. ਸੁਖਬੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਹਰੀ ਚੰਦ, ਸਿਵਲ ਸਰਜਨ ਡਾ. ਵਾਈ. ਕੇਂ ਗੁਪਤਾ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਸ. ਜਤਿੰਦਰ ਸਿੰਘ ਬਰਾੜ,ਸ. ਅਵਤਾਰ ਸਿੰਘ ਮੱਕੜ, ਤਹਿਸੀਲਦਾਰ ਸ. ਜਰਨੈਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਗੁਰਚਰਨ ਸਿੰਘ ਸੰਧੂ, ਨਗਰ ਪੰਚਾਇਤ ਅਰਨੀਵਾਲਾ ਦੇ ਪ੍ਰਧਾਨ ਸ. ਸੁਖਦੇਵ ਸਿੰਘ ਠੇਠੀ, ਚੇਅਰਮੈਨ ਸੁਖਜਿੰਦਰ ਸਿੰਘ ਧਾਲੀਵਾਲ, ਟਰੱਕ ਯੂਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਵੈਰੜ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਰਾਕੇਸ਼ ਧੂੜੀਆ, ਡਾ. ਵਿਨੋਦ ਜਾਂਗਿੜ, ਸ੍ਰੀ ਸਤਿੰਦਰ ਸਿੰਘ ਸਵੀ ਕਾਠਪਾਲ, ਗੁਰਪ੍ਰੀਤ ਸਿੰਘ ਲਵਲੀ ਤੋਂ ਇਲਾਵਾ ਵੱਖ- ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਤੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply