Sunday, February 22, 2026

ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ

ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨ ਅੱਗੇ ਆਉਣ- ਅਨਿਲ ਜੋਸ਼ੀ

PPN1808201521 PPN1808201522
ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਜਿਨ੍ਹਾਂ ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਬਦੌਲਤ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਸਾਨੂੰ ਮਿਲ ਕੇ ਹੰਭਲਾ ਮਾਰਨ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਸਥਾਨਕ ਬੀ. ਬੀ. ਕੇ ਡੀ. ਏ. ਵੀ ਕਾਲਜ (ਲੜਕੀਆਂ) ਵਿਖੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਵਿਚ ਕੀਤਾ।
ਸ਼ਹੀਦ ਢੀਂਗਰਾ ਦੀ ਮਹਾਨ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਭਾਰਤ ਮਾਂ ਦੇ ਮਹਾਨ ਸਪੂਤ ਸ੍ਰੀ ਮਦਨ ਲਾਲ ਢੀਂਗਰਾ ਨੇ ਅੰਗਰੇਜ਼ਾਂ ਦੀ ਧਰਤੀ ‘ਤੇ ਜਾ ਕੇ ਗੋਰਿਆਂ ਨੂੰ ਲਲਕਾਰਿਆ ਅਤੇ ਉਨ੍ਹਾਂ ਵੱਲੋਂ ਭਾਰਤੀਆਂ ‘ਤੇ ਕੀਤੇ ਜਾਂਦੇ ਜ਼ੁਲਮਾਂ ਦਾ ਬਦਲਾ ਲੈਂਦੇ ਹੋਏ ਅੰਗਰੇਜ਼ ਅਧਿਕਾਰੀ ਕਰਜ਼ਨ ਵਾਇਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਢੀਂਗਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਅਤੇ ਭਾਰਤ ਮਾਤਾ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਖਾਤਰ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ ਅਤੇ ਦੇਸ਼ ਨੂੰ ਅੰਗਰੇਜ਼ਾਂ ਕੋਲੋਂ ਅਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਅਤੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਮੁੜ ਸੋਨੇ ਦੀ ਚਿੜੀ ਅਤੇ ਵਿਸ਼ਵ ਗੁਰੂ ਬਣ ਕੇ ਵਿਸ਼ਵ ਦੀ ਅਗਵਾਈ ਕਰੇਗਾ। ਉਨ੍ਹਾਂ ਇਸ ਮੌਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਨ ਦੇਸ਼ ਭਗਤ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ।
ਇਸ ਤੋਂ ਪਹਿਲਾਂ ਸ੍ਰੀ ਅਨਿਲ ਜੋਸ਼ੀ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ‘ਤੇ ਫੁੱਲ ਭੇਟ ਕਰਕੇ ਸ਼ਹੀਦ ਨੂੰ ਪ੍ਰਣਾਮ ਕੀਤਾ ਅਤੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ। ਸ਼ਹੀਦੀ ਸਮਾਗਮ ਦੌਰਾਨ ਪੰਜਾਬ ਸ਼੍ਰੋਮਣੀ ਹਿੰਦੀ ਸਾਹਿਤਕਾਰ ਪ੍ਰੋ. ਹਰਮਿੰਦਰ ਸਿੰਘ ਬੇਦੀ ਅਤੇ ਸ਼ਹੀਦ ਮਦਨ ਲਾਲ ਢੀਂਗਰਾ ‘ਤੇ ਖੋਜ ਕਰਨ ਵਾਲੇ ਪ੍ਰੋ. ਵਿਸ਼ਵਬੰਧੂ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਜੀਵਨੀ ਅਤੇ ਸ਼ਹਾਦਤ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਤੋਂ ਸਬਕ ਲੈਂਦੇ ਹੋਏ ਸੱਚੇ ਦੇਸ਼ ਭਗਤ ਬਣਨ। ਸਮਾਗਮ ਦੇ ਸ਼ੁਰੂ ਵਿਚ ਸ਼ਹੀਦ ਦੇ ਜੀਵਨ ਨਾਲ ਸਬੰਧਤ ਇਕ ਦਸਤਾਵੇਜ਼ੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਅਨੀਤਾ ਦੇਵਗਨ ਦੇ ‘ਦ ਥੀਏਟਰ ਪਰਸਨ’ ਗਰੁੱਪ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਦਰਸਾਉਂਦੇ ਨਾਟਕ ‘ਬਲੀਦਾਨ’ ਦਾ ਸਫਲ ਮੰਚਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ।
ਇਸ ਤੋਂ ਇਲਾਵਾ ਸ੍ਰੀ ਮਦਨ ਲਾਲ ਢੀਂਗਰਾ ਦੇ ਜੀਵਨ ‘ਤੇ ਕਰਵਾਏ ਗਏ ਭਾਸ਼ਣ ਮੁਕਾਬਲੇ ਦੀਆਂ ਜੇਤੂ ਸਕੂਲੀ ਬੱਚੀਆਂ ਸ਼ੁਭਨੀਤ ਕੌਰ ਅਤੇ ਆਂਚਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੇ ਅੰਤ ਵਿਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਹਾਜ਼ਰ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਭਾਸ਼ਣ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਅਤੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰੀ ਰੋਹਿਤ ਗੁਪਤਾ, ਪ੍ਰਿੰਸੀਪਲ ਨੀਲਮ ਕਾਮਰਾ, ਐਮ. ਸੀ ਸ੍ਰੀ ਮਾਨਵ ਤਨੇਜਾ, ਮੈਡਮ ਨੀਲਮ ਬਾਲਾ ਅਤੇ ਸ੍ਰੀ ਪ੍ਰਿਤਪਾਲ, ਸ੍ਰੀ ਰਾਕੇਸ਼ ਭਾਰਦਵਾਜ, ਸ੍ਰੀ ਅਨੁਜ ਭੰਡਾਰੀ, ਸ੍ਰੀ ਅਵਿਨਾਸ਼ ਸ਼ਰਮਾ, ਸ੍ਰੀ ਵਿਸ਼ਾਲ ਲਖਨਪਾਲ, ਸ੍ਰੀ ਅਮਰਜੀਤ ਸਿੰਘ, ਸ੍ਰੀ ਪੰਕਜ ਮਹਿਰਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply