Saturday, March 21, 2026

ਸਿੱਖ ਮਾਪੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ- ਰਾਣਾ

Rana Paramjit Singhਨਵੀਂ ਦਿੱਲੀ, 21 ਅਗਸਤ (ਅੰਮ੍ਰਿਤ ਲਾਲ ਮੰਨਣ) – ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਸਿੱਖ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਚਿਆਂ ਨੂੰ ਬਚਪਨ ਵਿੱਚ ਹੀ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖਾਂ ਦੇ ਜੀਵਨ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ, ਸਿੱਖੀ ਵਿਰਸੇ ਨਾਲ ਜੋੜਨ ਅਤੇ ਉਸ ਨਾਲ ਜੁੜੇ ਰਹਿਣ ਲਈ ਉਤਸਾਹਿਤ ਕਰਨ। ਸ. ਰਾਣਾ ਨੇ ਕਿਹਾ ਕਿ ਜੇ ਬਚਿਆਂ ਨੂੰ ਬਚਪਨ ਵਿੱਚ ਹੀ ਸਿੱਖੀ ਦੀ ਗੁੜ੍ਹਤੀ ਮਿਲੇਗੀ ਤਾਂ ਉਹ ਸਿੱਖ ਹੋਣ ਤੇ ਮਾਣ ਕਰਦਿਆਂ ਕਦੀ ਵੀ ਭਟਕ ਕੇ ਗੁਮਰਾਹ ਨਹੀਂ ਹੋਣਗੇ। ਸ. ਰਾਣਾ ਨੇ ਇਸਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖੀ ਵਿਰਸੇ ਨਾਲ ਜੁੜਨ ਅਤੇ ਜੁੜੇ ਰਹਿਣ ਲਈ ਵੱਧ ਤੋਂ ਵੱਧ ਗੁਰਮਤਿ ਸਾਹਿਤ ਅਤੇ ਸਿੱਖ ਇਤਿਹਾਸ ਪੜ੍ਹਨ, ਤਾਂ ਜੋ ਉਹ ਸਿੱਖੀ ਦੇ ਮੂਲ ਅਦਰਸ਼ਾਂ, ਮਾਨਤਾਵਾਂ ਅਤੇ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖਾਂ ਦੀਆਂ ਅਦੁਤੀਆਂ ਕੁਰਬਾਨੀਆਂ ਤੋਂ ਜਾਣੂ ਹੋ, ਸਿੱਖ ਹੋਣ ਤੇ ਮਾਣ ਕਰ ਸਕਣ।
ਸ. ਰਾਣਾ ਨੇ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਅਗਲੇ ਵਰ੍ਹੇ ਆ ਰਹੀ ਤੀਜੀ ਸ਼ਹੀਦੀ ਸ਼ਤਾਬਦੀ ਵੱਡੇ ਪੱਧਰ ਤੇ ਮੰਨਾਉਣ ਲਈ ਹੋਰ ਕਈ ਪ੍ਰੋਗਰਾਮਾਂ ਦੇ ਨਾਲ ਹੀ ਸਾਲ ਭਰ ਚਲਣ ਵਾਲੇ ਗੁਰਮਤਿ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿੱਚ ਹਰ ਹਫਤੇ ਦੇ ਅੰਤ ਵਿੱਚ ਵੱਖ-ਵੱਖ ਸਿੰਘ ਸਭਾਵਾਂ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸ. ਰਾਣਾ ਨੇ ਦਸਿਆ ਕਿ ਇਸ ਮੌਕੇ ਤੇ ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੇ ਸਟਾਲ ਵੀ ਲਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਸਸਤੇ ਸਿੱਖ ਸਾਹਿਤ ਦੇ ਨਾਲ ਹੀ ਮੁਫਤ ਸਾਹਿਤ ਵੀ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਾਲਾਂ ਤੋਂ ਮਾਪਿਆਂ ਨੂੰ ਆਪਣੇ ਬਚਿਆਂ ਲਈ ਅਤੇ ਨੌਜਵਾਨਾਂ ਨੂੰ ਆਪਣੇ ਲਈ ਸਿੱਖ ਸਾਹਿਤ ਪ੍ਰਾਪਤ ਕਰ ਲਾਭ ਉਠਾਣਾ ਚਾਹੀਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply