Monday, April 6, 2026

ਕੈਬਨਿਟ ਮੰਤਰੀ ਸ੍ਰੀ ਵੱਲੋਂ ਬਟਾਲਾ ਦੀ ਗਊਸ਼ਾਲਾ ਨੂੰ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ

ਗਊ ਸੇਵਾ ਤੇ ਰੱਖਿਆ ਲਈ ਸੂਬਾ ਸਰਕਾਰ ਵੱਲੋਂ ਹਰ ਜ਼ਿਲ੍ਹੇ ‘ਚ ਬਣਾਈਆਂ ਜਾ ਰਹੀਆਂ ਹਨ ਗਊਸ਼ਾਲਾਵਾਂ – ਜੋਸ਼ੀ

PPN2408201506

ਬਟਾਲਾ, 24 ਅਗਸਤ (ਨਰਿੰਦਰ ਬਰਨਾਂਲ )- ਪਸ਼ੂ ਸਰਕਾਰ ਗਊ ਰੱਖਿਆ ਲਈ ਵੱਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਸੂਬੇ ‘ਚ ਗਊਆਂ ਦੀ ਰੱਖਿਆ ਤੇ ਸਾਂਭ-ਸੰਭਾਲ ਲਈ ਹਰ ਜ਼ਿਲ੍ਹੇ ‘ਚ ਗਊ ਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਬਟਾਲਾ ਵਿਖੇ ਸ੍ਰੀ ਲਕਸ਼ਮੀ ਦੇਵੀ ਗਊਸ਼ਾਲਾ ਟਰੱਸਟ ਵਿਖੇ ਆਪਣੇ ਦੌਰੇ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ‘ਤੇ ਗਊ ਸੇਵਾ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਰਾਜ ਵਿੱਚ ਗਊਆਂ ਦੀ ਬੇਹਤਰੀ ਲਈ ਕੰਮ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਗਊ ਸੇਵਾ ਲਈ ਕਦਮ ਚੁੱਕਦਿਆਂ ਰਾਜ ਸਰਕਾਰ ਵੱਲੋਂ ਗਊ ਸ਼ਲਾਵਾਂ ਲਈ ਮੁਫਤ ਜ਼ਮੀਨ ਮੁਹੱਈਆ ਕਰਾਈ ਜਾ ਰਹੀ ਹੈ ਅਤੇ ਗਊ ਸ਼ਲਾਵਾਂ ਲਈ ਟਿਊਬਵੈੱਲ ਦੇ ਕੁਨੈਕਸ਼ਨ ਪਹਿਲ ਦੇ ਅਧਾਰ ‘ਤੇ ਦਿੱਤੇ ਜਾ ਰਹੇ ਹਨ। ਸ੍ਰੀ ਜੋਸ਼ੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਗਊ ਸੇਵਾ ਨੂੰ ਮੁੱਖ ਰੱਖ ਕੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਖੇਤਰਾਂ ‘ਚ ਗਊ ਸੈਸ ਲਗਾਇਆ ਜਾ ਰਿਹਾ ਹੈ ਤਾਂ ਜੋ ਇਸ ਬਹੁਤ ਥੋੜੇ ਸੈਸ ਜਰੀਏ ਸ਼ਹਿਰ ਵਾਸੀਆਂ ਦੇ ਤਿਲ-ਫੁੱਲ ਨਾਲ ਗਊ ਸ਼ਲਾਵਾਂ ਲਈ ਪੱਕੇ ਤੇ ਨਿਰੰਤਰ ਆਮਦਨ ਦੇ ਸਰੋਤ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸਾਡੀ ਸੰਸਕ੍ਰਿਤੀ ‘ਚ ਗਊ ਸੇਵਾ ਨੂੰ ਸਭ ਤੋਂ ਉੱਤਮ ਸੇਵਾ ਹੈ ਦੱਸਿਆ ਗਿਆ ਹੈ ਅਤੇ ਸਾਨੂੰ ਆਪਣੀ ਇਸ ਸੰਸਕ੍ਰਿਤੀ ਤੇ ਫਰਜ ਨੂੰ ਭੁਲਣਾ ਨਹੀਂ ਚਾਹੀਦਾ।
ਦੈਨਿਕ ਪ੍ਰਥਾਨਾ ਸਭਾ ਬਟਾਲਾ ਤੇ ਸ੍ਰੀ ਲਕਸ਼ਮੀ ਦੇਵੀ ਗਊਸ਼ਾਲਾ ਟਰੱਸਟ ਦੇ ਸਮਾਜ ਭਲਾਈ ਕਾਰਜਾਂ ਦੀ ਸਰਾਹਨਾ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ ਅਤੇ ਬਟਾਲਾ ਦੀਆਂ ਇਹ ਸੰਸਥਾਵਾਂ ਏਸੇ ਹੀ ਆਸੇ ਨੂੰ ਲੈ ਕੇ ਤੁਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਜਿਥੇ ਸਮਾਜ ਦੇ ਹੋਰ ਖੇਤਰਾਂ ‘ਚ ਪਰਉਪਕਾਰ ਦੇ ਕਾਰਜ ਕੀਤੇ ਜਾ ਰਹੇ ਹਨ ਉਥੇ ਗਊ ਸੇਵਾ ਵਰਗੇ ਮਹਾਨ ਕਾਰਜ ਨੂੰ ਵੀ ਬੜੀ ਸਫਲਤਾ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਬਟਾਲਾ ਦੀ ਗਊਸ਼ਾਲਾ ਨੂੰ ਦੇਣ ਦਾ ਐਲਾਨ ਵੀ ਕੀਤਾ। ਇਸਤੋਂ ਇਲਾਵਾ ਉਨ੍ਹਾਂ ਨੇ ਗਊ ਸ਼ਾਲਾ ਦੇ ਨਵੇਂ ਸੀਵਰੇਜ ਪਾਉਣ ਦੇ ਕੰਮ ਨੂੰ ਵੀ ਛੇਤੀ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਸ੍ਰੀ ਲਕਸ਼ਮੀ ਦੇਵੀ ਗਊਸ਼ਾਲਾ ਟਰੱਸਟ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਸ੍ਰੀ ਅਨਿਲ ਜੋਸ਼ੀ ਦਾ ਇਥੇ ਆਉਣ ‘ਤੇ ਧੰਨਵਾਦ ਕੀਤਾ ਅਤੇ ਗਊਸ਼ਾਲਾ ਸਬੰਧੀ ਆਪਣੀਆਂ ਮੰਗਾਂ ਨੂੰ ਮੰਤਰੀ ਸਾਹਿਬ ਅੱਗੇ ਰੱਖਿਆ। ਪ੍ਰਧਾਨ ਅਸ਼ੋਕ ਅਗਰਵਾਲ ਨੇ ਦੱਸਿਆ ਕਿ ਬਟਾਲਾ ਦੀ ਇਸ ਗਊਸ਼ਾਲਾ ਵਿੱਚ 350 ਗਊਆਂ ਅਤੇ ਪਿੰਡ ਪੰਜਗਰਾਈਆਂ ਵਿਖੇ 65 ਗਊਆਂ ਦੀ ਸੇਵਾ-ਸੰਭਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਗਊਆਂ ਦੀ ਸਹੂਲਤ ਲਈ ਗਊਸ਼ਾਲਾ ਬਟਾਲਾ ਵਿਖੇ ਇੱਕ ਹੋਰ ਨਵਾਂ ਸ਼ੈੱਡ ਬਣਾਇਆ ਜਾਵੇਗਾ।
ਇਸੇ ਦੌਰਾਨ ਟਰੱਸਟ ਵੱਲੋਂ ਕੈਬਨਿਟ ਮੰਤਰੀ ਸ੍ਰੀ ਜੋਸ਼ੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਮਹਾਸ਼ਾ ਗੋਕਲ ਚੰਦ, ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ, ਜਨ ਕਲਿਆਣ ਸੁਸਾਇਟੀ ਦੇ ਪ੍ਰਧਾਨ ਹਰਮਨ ਗੁਰਾਇਆ, ਅਸ਼ੋਕ ਅਗਰਵਾਲ, ਰਾਜੇਸ਼ ਸ਼ਰਮਾਂ, ਪੱਪੂ ਮਹਾਹਨ, ਰਾਕੇਸ਼ ਮਿੰਟੂ, ਰੰਜਨ ਮਲਹੋਤਰਾ, ਸੰਦੀਪ ਮਲਹੋਤਰਾ, ਰਚਨਾ ਰਾਠੌਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply