ਪਠਾਨਕੋਟ, 24 ਅਗਸਤ (ਪ.ਪ) – ਏਰੋਡਰੋਮ ਇਨਵਾਇਰਮੈਂਟਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਜਿਸ ਵਿੱਚ ਏਅਰ ਫੋਰਸ ਦੇ ਸਿਵਲ ਪ੍ਰਸ਼ਾਸਨ ਨਾਲ ਕੁੱਝ ਮਾਮਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਏਅਰ ਫੋਰਸ ਦੇ ਅਫ਼ਸਰ ਕੇ.ਵੀ. ਰਾਓ, ਜਗਦੀਸ਼ ਰਾਜ ਐਕਸੀਅਨ ਸਿੰਚਾਈ ਵਿਭਾਗ ਪਠਾਨਕੋਟ, ਰਾਜੇਸ਼ ਮਹਾਜਨ ਡੀ.ਐਫ.ਓ. ਜੰਗਲੀ ਜੀਵ ਤੇ ਸੁਰੱਖਿਆ, ਜਸਬੀਰ ਸਿੰਘ ਏ.ਈ.ਈ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਏਅਰ ਫੋਰਸ ਦੇ ਅਧਿਕਾਰੀ ਅਤੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਫ਼ਸਰ ਹਾਜ਼ਰ ਸਨ।
ਮੀਟਿੰਗ ਵਿੱਚ ਏਅਰ ਫੋਰਸ ਪਠਾਨਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਤ ਮਸਲੇ ਜਿਵੇਂ ਏਅਰ ਫੋਰਸ ਸਟੇਸ਼ਨ ਪਠਾਨਕੋਟ ਦੇ ਸਾਹਮਣੇ ਪਠਾਨਕੋਟ ਕੈਂਟ ਸਟੇਸ਼ਨ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਸਬੰਧੀ, ਏਅਰ ਫੋਰਸ ਸਟੇਸ਼ਨ ਦੇ ਨਾਲੋਂ ਲੰਘਦੀ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ, ਏਅਰ ਫੋਰਸ ਸਟੇਸ਼ਨ ਦੇ ਆਲੇ ਦੁਆਲੇ ਗੈਰ ਕਾਨੂੰਨੀ ਉਸਾਰੀਆਂ ਸਬੰਧੀ, ਸਬਜ਼ੀ ਮੰਡੀ ਵਿੱਚ ਗੰਦਗੀ ਦੇ ਢੇਰਾਂ ਸਬੰਧੀ, ਭੱਠਿਆਂ ਤੋਂ ਨਿਕਲਣ ਵਾਲੇ ਧੁੰਏ ਸਬੰਧੀ ਅਤੇ ਹਾਈਵੇ ‘ਤੇ ਸਥਿਤ ਟਰੱਕਾਂ ਦੇ ਗਰਾਜ ਵੱਲੋਂ ਸਾੜੇ ਜਾਂਦੇ ਰਬੜ ਮਟੀਰੀਅਲ ਤੇ ਟਾਇਰਾਂ ਦੇ ਧੁੰਏ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਏਅਰ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਫੋਰਸ ਸਟੇਸ਼ਨ ਦੇ ਨੇੜੇ ਤੋਂ ਲੰਘਦੀ ਨਹਿਰ ਦੇ ਕਿਨਾਰਿਆਂ ਤੇ ਆਲੇ ਦੁਆਲੇ ਬਹੁਤ ਵੱਡੀਆਂ ਝਾੜੀਆਂ ਹਨ, ਜਿੰਨ੍ਹਾਂ ਨੂੰ ਕੱਟਵਾਉਣ ਦੀ ਜ਼ਰੂਰਤ ਹੈ। ਜਿਸ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਿੰਚਾਈ ਵਿਭਾਗ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਏਅਰ ਫੋਰਸ ਸਟੇਸ਼ਨ ਪਠਾਨਕੋਟ ਦੇ ਨਾਲੋਂ ਲੰਘਦੀ ਨਹਿਰ ਦੇ ਆਲੇ ਦੁਆਲੇ ਤੇ ਕਿਨਾਰਿਆਂ ‘ਤੇ ਉੱਗੀਆਂ ਝਾੜੀਆਂ ਨੂੰ ਸਾਫ਼ ਕਰਵਾਉਣ ਅਤੇ ਉਹ ਹਰ ਸਾਲ ਇਹ ਕੰਮ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਉਹ ਨਹਿਰ ਦੇ ਕਿਨਾਰਿਆਂ ਦੀ ਮੁਰੰਮਤ ਲਈ ਏਅਰ ਫੋਰਸ ਦੇ ਅਧਿਕਾਰੀਆਂ ਨਾਲ ਮਿਲਕੇ ਜਾਇੰਟ ਨਿਰੀਖਣ ਕਰਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਅਗਲੀ ਕਾਰਵਾਈ ਕਰਨ। ਮੀਟਿੰਗ ਵਿੱਚ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਸਬਜੀ ਮੰਡੀ ਵਿੱਚ ਲੱਗੇ ਗੰਦਗੀ ਦੇ ਢੇਰਾਂ ਸਬੰਧੀ ਦੱਸਿਆ ਗਿਆ। ਜਿਸ ਉੱਪਰ ਵਧੀਕ ਡਿਪਟੀ ਕਮਿਸ਼ਨਰ ਨੇ ਮਾਰਕੀਟ ਕਮੇਟੀ ਦੇ ਸੁਪਰਵਾਇਜਰ ਨੂੰ ਹਦਾਇਤ ਕੀਤੀ ਕਿ ਉਹ ਸਬਜੀ ਮੰਡੀ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਮੰਡੀ ਦੇ ਅੰਦਰ ਲੱਗੇ ਗੰਦਗੀ ਦੇ ਢੇਰਾਂ ਨੂੰ ਉਥੋਂ ਚੁਕਵਾਉਣ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਉਹ ਸਬਜੀ ਮੰਡੀ ਦੇ ਬਾਹਰ ਦੇ ਖੇਤਰ ਦੀ ਸਾਫ਼ ਸਫ਼ਾਈ ਲਈ ਵਿਸ਼ੇਸ਼ ਤੌਰ ‘ਤੇ ਇੱਕ ਟੀਮ ਲਗਾਉਣ ਤਾਂ ਜੋ ਉੱਥੇ ਜਿਆਦਾ ਗੰਦਗੀ ਨਾ ਫੈਲ ਸਕੇ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਇਹ ਵੀ ਕਿਹਾ ਕਿ ਉਹ ਪਠਾਨਕੋਟ ਕੈਂਟ ਸਟੇਸ਼ਨ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਨੂੰ ਵੀ ਸਾਫ਼ ਕਰਵਾਉਣ। ਮੀਟਿੰਗ ਵਿੱਚ ਏਅਰ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਫੋਰਸ ਸਟੇਸ਼ਨ ਦੀ ਹਦੂਦ ਅੰਦਰ ਚਾਰ ਭੱਠੇ ਹਨ। ਜਿਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਇਸ ਖੇਤਰ ਵਿੱਚ ਲੱਗੇ ਭੱਠਿਆਂ ਦੀ ਚੈਕਿੰਗ ਕਰਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media