Monday, April 6, 2026

ਬਿਜਲੀ ਪੈਦਾਵਾਰੀ ‘ਚ ਪੰਜਾਬ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ – ਮਜੀਠੀਆ

ਕੇਂਦਰ ਵਲੋਂ ਅੰਮ੍ਰਿਤਸਰ ਨੂੰ ਸੂਰਜੀ ਊਰਜਾ ਸ਼ਹਿਰ ਵਜੋਂ ਵਿਕਸਤ ਕਰਨਾ ਸ਼ਲਾਘਾਯੋਗ ਫੈਸਲਾ

ਚਵਿੰਡਾ ਦੇਵੀ, 24 ਅਗਸਤ (ਪ.ਪ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਨਵ ਅਤੇ ਨਵੀਨੀਕਰਨ ਊਰਜਾ ਮੰਤਰਾਲੇ ਵੱਲੋਂ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਨੂੰ ਸੂਰਜੀ ਊਰਜਾ ਸ਼ਹਿਰਾਂ ਦੇ ਰੂਪ ਵਿੱਚ ਵਿਕਸਤ ਕਰਨ ਪ੍ਰਤੀ ਲਏ ਗਏ ਫੈਸਲੇ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਇਸ ਐਲਾਨ ਨਾਲ ਪੰਜਾਬ ਦੀ ਸੌਰ ਊਰਜਾ ਉਤਪਾਦਨ ਸ਼ਕਤੀ ਨੂੰ ਹੋਰ ਵਧੇਰੇ ਬਲ ਮਿਲੇਗਾ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਕੁਰਾਲੀਆ, ਕੈਰੋਂ ਨੰਗਲ ਅਤੇ ਸਿੱਧਵਾਂ ਵਿਖੇ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਕਰੀਬ ੪੫ ਲੱਖ ਦੀ ਗਰਾਂਟ ਦੇਣ ਆਏ ਸਨ, ਜਿਸ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਅਹਿਮ ਯੋਗਦਾਨ ਪਾਉਣ ਵਾਲੇ ਸਰਹੱਦੀ ਸੂਬਾ ਪੰਜਾਬ ਨੇ ਦੇਸ਼ ਲਈ ਇੱਕ ਵੱਡੀ ਬਿਜਲੀ ਦੀ ਉਪਲਬਧਤਾ ਦੀ ਚੁਨੌਤੀ ਨੂੰ ਪੂਰਾ ਕਰਨ ਲਈ ਕਮਰ ਕਸ ਲਈ ਹੈ। ਪਹਿਲੇ ਗੇੜ ਵਜੋਂ ਪੰਜਾਬ ਥਰਮਲ ਪਲਾਂਟਾਂ ਜਰੀਏ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਦਾ ਇਤਿਹਾਸ ਸਿਰਜਣ ਤੋਂ ਬਾਅਦ ਹੁਣ ਸੌਰ ਊਰਜਾ ਦੇ ਖੇਤਰ ‘ਚ ਵੱਡੀ ਪੇਸ਼ਕਦਮੀ ਸਦਕਾ ਕਿਸਾਨਾਂ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ।ਉਹਨਾਂ ਕਿਹਾ ਕਿ ਸੌਰ ਊਰਜਾ ਦੇ ਖੇਤਰ ਵਿੱਚ ਪੰਜਾਬ ਵੱਲੋਂ ਮੱਲਾਂ ਮਾਰਦਿਆਂ ਸਥਾਪਿਤ ਕੀਤੇ ਗਏ ਨਵੇਂ ਕੀਰਤੀਮਾਨ ਸਦਕਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੌਮੀ ਪੱਧਰ ‘ਤੇ ਪੰਜਾਬ ਨੂੰ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲਾ ਰਾਜ ਕਰਾਰ ਦਿੱਤਾ ਅਤੇ ਪੰਜਾਬ ਨੇ ਫਰਵਰੀ ਮਹੀਨੇ ਦੌਰਾਨ ਇਸ ਸੰਬੰਧੀ ਅਵਾਰਡ ਹਾਸਲ ਕੀਤਾ । ਉਹਨਾਂ ਅੱਗੇ ਦੱਸਿਆ ਕਿ ਰਾਜ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸੌਰ ਊਰਜਾ ਉਤਪਾਦ ਵਿੱਚ ੯ ਮੈਗਾਵਾਟ ਤੋਂ ਵਧਾ ਕੇ ੨੧੫ ਮੈਗਾਵਾਟ ਕਰ ਲਈ ਹੈ ਜੋ ਕਿ ਸਾਲ ਦੇ ਅੰਤ ਤਕ ੫੪੧ ਮੈਗਾਵਾਟ ਦਾ ਟੀਚਾ ਹੈ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਮਜੀਠਾ ਹਲਕੇ ਦੇ ਵਿਕਾਸ ਲਈ ਪੈਸੇ ਦੀ ਕੋਈ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡ ਸਿਧਵਾਂ, ਟਾਹਲੀ ਸਾਹਿਬ, ਰੂਪੋਵਾਲੀ ਬ੍ਰਾਹਮਣਾਂ ਅਤੇ ਬੱਗੇ ਆਦਿ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ੩੦ ਲੱਖ ਰੁਪੈ ਦੀ ਲਾਗਤ ਨਾਲ ਅਤੇ ਇਸੇ ਤਰਾਂ ਹਦਾਇਤ ਪੁਰਾ, ਮੀਆਂ ਪੰਧੇਰ ਅਤੇ ਡਾਹਰੀਕੇ ਆਦਿ ਪਿੰਡਾਂ ਦੇ ਬਿਜਲੀ ਸੁਧਾਰ ਪ੍ਰਤੀ ਨਵੇਂ ਫੀਡਰਾਂ ਲਈ ੪੦ ਲੱਖ ਰੁਪੈ ਮਨਜ਼ੂਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ੯ ਕਰੋੜ ਲਾਗਤ ਲਾਲ ਪਿੰਡਾਂ ਨੂੰ ੨੪ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਸਾਲ ਦੇ ਅੰਤ ਤਕ ਕੋਈ ਵੀ ਡੇਰਾ ਪੱਕੇ ਰਸਤਿਆਂ ਤੋਂ ਬਿਨਾ ਨਹੀਂ ਰਹੇਗਾ। ਉਹਨਾਂ ਸ਼ਗਨ ਸਕੀਮਾਂ, ਆਟਾ ਦਾਲ ਅਤੇ ਪੈਨਸ਼ਨ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਵਿੱਚ ਤਰੁਤੀਆਂ ਦੂਰ ਕਰਨ ਲਈ ਆਪਣੇ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ।
ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਭਗਵੰਤ ਸਿੰਘ ਸਿਆਲਕਾ, ਗੁਰਵੇਲ ਸਿੰਘ ਅਲਕੜੇ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਡੀ ਐੱਸ ਪੀ ਵਿਸ਼ਾਲਜੀਤ ਸਿੰਘ, ਸਵਰਨਜੀਤ ਸਿੰਘ ਕੁਰਾਲੀਆ, ਸਰਪੰਚ ਪ੍ਰਗਟ ਸਿੰਘ, ਐਸ ਐਚ ਓ ਰਾਜਬੀਰ ਸਿੰਘ, ਅਜੀਤ ਸਿੰਘ ਸਾਬਕਾ ਸਰਪੰਚ, ਅੰਗਰੇਜ਼ ਸਿੰਘ, ਕਾਬਲ ਸਿੰਘ, ਮਹਿੰਦਰ ਸਿੰਘ ਸੈਕਟਰੀ, ਐਕਸੀਅਨ ਮਨਿੰਦਰਪਾਲ ਸਿੰਘ, ਹਰਜਿੰਦਰ ਸਿੰਘ ਮੈਂਬਰ, ਪੰਜਾਬ ਸਿੰਘ, ਪਹਿਲਵਾਨ ਬਲਵਿੰਦਰ ਸਿੰਘ ਕੈਰੋਂ ਨੰਗਲ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰਾ, ਸਰਪੰਚ ਹਰਭਜਨ ਸਿੰਘ, ਅਮਰੀਕ ਸਿੰਘ ਢਡੇ, ਗੁਰਦਿਆਲ ਸਿੰਘ, ਸੋਨਾ ਭੁੱਲਰ, ਪ੍ਰਧਾਨ ਰਜਿੰਦਰ ਸਿੰਘ, ਕਵਲਜੀਤ ਸਿੰਘ ਕੈਰੋਨੰਗਲ, ਅਤੇ ਗੁਰਮੇਜ ਸਿੰਘ ਸਿਆਲਕਾ ਆਦਿ ਮੌਜੂਦ ਸਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply