ਅੰਮ੍ਰਿਤਸਰ, 24 ਅਗਸਤ (ਪ.ਪ) – ਪੂਰੇ 157 ਵਰ੍ਹੇ ਤਕ ਅਜਨਾਲਾ ਦੇ ਖੂਹ ਵਿਚ ਦਫ਼ਨ ਰਹੇ ਰਾਸ਼ਟਰੀ ਵਿਦ੍ਰੋਹ ਦੇ 282 ਹਿੰਦੁਸਤਾਨੀ ਸੈਨਿਕਾਂ ਨੂੰ ਪਿਛਲੇ ਵਰ੍ਹੇ 28 ਫਰਵਰੀ ਨੂੰ ਮੁਕਤੀ ਤੇ 24 ਅਗਸਤ ਨੂੰ ਅਜ਼ਾਦੀ ਨਸੀਬ ਹੋਈ ਸੀ।ਜਿਸ ਦੇ ਚਲਦਿਆਂ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ ਸੈਨਿਕਾਂ ਦੀਆਂ ਅਸਥੀਆਂ ਕਢਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਦੇ ਨਿਵਾਸ ‘ਤੇ ਅੱਜ ਸਵੇਰੇ ਉਪਰੋਕਤ ਸੈਨਿਕਾਂ ਦੇ ਪਹਿਲੇ ਮੁਕਤੀ ਦਿਹਾੜੇ ਮੌਕੇ ਹਵਨ ਯੱਗ ਕਰਕੇ ਸੈਨਿਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।ਸ਼੍ਰੀ ਕੋਛੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਨਾਲੇ ਦੇ ਉਪਰੋਕਤ ਖੂਨੀ ਸਾਕੇ ਦੇ ਮੁੱਖ ਦੋਸ਼ੀ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਜਦੋਂ ਦਫ਼ਨ ਕੀਤੇ ਜਾਣ ਤੋਂ ਪਹਿਲਾਂ ਜਿਉਂਦੇ ਹਿੰਦੁਸਤਾਨੀ ਸੈਨਿਕਾਂ ਨੂੰ ਖੂਹ ਵਿਚ ਸੁੱਟਿਆ ਗਿਆ ਤਾਂ ਉਹ ‘ਗੰਗਾ ਜੀ ਸਾਡੀ ਮਦਦ ਕਰੋ’ ਦੀ ਗੁਹਾਰ ਲਗਾ ਰਹੇ ਸਨ।ਸ਼੍ਰੀ ਕੋਛੜ ਦੇ ਅਨੁਸਾਰ ਉਪਰੋਕਤ ਸੈਨਿਕਾਂ ਦੀ ਅੰਤਿਮ ਇੱਛਾ ਦੀ ਪੂਰਤੀ ਅਤੇ ਮੁਕਤੀ ਲਈ ਹੀ ਉਹਨਾਂ ਵਿਦਵਾਨ ਪਰੋਹਤਾਂ ਪਾਸੋਂ ਮ੍ਰਿਤਕ ਸੈਨਿਕਾਂ ਦਾ ਸਮੂਹਿਕ ਸ਼ਰਾਧ-ਤਰਪਣ ਕਰਵਾਕੇ ਹਰਿਦੁਆਰ ਸਥਿਤ ਸ਼੍ਰੀ ਗੰਗਾ ਮਾਤਾ ਮੰਦਰ ਸਤੀ ਘਾਟ ਕਨਖਲ ਵਿਖੇ 24 ਅਗਸਤ ਨੂੰ ਉਨ੍ਹਾਂ ਦੀਆਂ ਅਸਥੀਆਂ ਜਲ-ਪ੍ਰਵਾਹ ਕਰਵਾਈਆਂ ਸਨ।
ਮੀਡੀਆ ਦੇ ਸਹਿਯੋਗ ਨਾਲ ਸਫ਼ਲ ਹੋਈਆਂ ਕੋਸ਼ਿਸ਼ਾਂ
ਇਤਿਹਾਸਕਾਰ ਸ਼੍ਰੀ ਕੋਛੜ ਨੇ ਮੀਡੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੀਆਂ ਸਖ਼ਤ ਕੋਸ਼ਿਸ਼ਾਂ ਅਤੇ ਮੀਡੀਆ ਦੇ ਸਹਿਯੋਗ ਨਾਲ ਹੀ ਉਹ ਅਜਨਾਲਾ ਦੇ ਉਪਰੋਕਤ ਖੂਹ ਵਿਚ ਦਫ਼ਨ ਹਿੰਦੁਸਤਾਨੀ ਸੈਨਿਕਾਂ ਦੇ ਪਿੰਜਰ ਬਾਹਰ ਕਢਵਾ ਕੇ ਉਹਨਾਂ ਨੂੰ ਮੁਕਤੀ ਤੇ ਆਜ਼ਾਦੀ ਦਿਵਾਉਣ ਵਿਚ ਕਾਮਯਾਬ ਹੋ ਸਕੇ ਹਨ।ਉਪਰੋਕਤ ਸੈਨਿਕਾਂ ਦੀਆਂ ਲਾਸ਼ਾਂ ਨਾਲ ਭਰੇ ਖੂਹ ਦੇ ਬਿਲਕੁਲ ਉਪਰ ਸੰਨ 1972 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਿੱਖ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦਾ ਘਾਣ ਕੀਤਾ ਜਾ ਰਿਹਾ ਸੀ।
ਹੁਣ ਆਪਣੇ ਪੱਧਰ ‘ਤੇ ਸੈਨਿਕਾਂ ਦੀ ਪਹਿਚਾਣ ਸੰਬੰਧੀ ਜਾਣਕਾਰੀ ਇਕੱਠੀ ਕਰਾਂਗੇ
ਸ਼੍ਰੀ ਕੋਛੜ ਨੇ ਕਿਹਾ ਕਿ ਖੂਹ ਵਿਚੋਂ ਕੱਢੀਆਂ ਗਈਆਂ ਅਸਥੀਆਂ ਦੇ ਢੇਢ ਵਰ੍ਹਾ ਬੀਤ ਜਾਣ ਦੇ ਬਾਅਦ ਵੀ ਸੂਬਾ ਸਰਕਾਰ ਉਹਨਾਂ ਦਾ ਡੀ.ਐਨ.ਏ. ਅਤੇ ਹੋਰ ਵਿਗਿਆਨਿਕ ਜਾਂਚ ਕਰਵਾਉਣ ਅਤੇ ਕੇਂਦਰ ਸਰਕਾਰ ਬ੍ਰਿਟੇਨ ਸਰਕਾਰ ਪਾਸੋਂ ਉਪਰੋਕਤ ਸੈਨਿਕਾਂ ਦੇ ਨ੍ਹਾਵਾਂ ਦੀ ਸੂਚੀ ਮੰਗਵਾਉਣ ਵਿਚ ਨਾਕਾਮ ਰਹੀ ਹੈ।ਉਹਨਾਂ ਕਿਹਾ ਕਿ ਅਜਨਾਲਾ ਵਿਚ ਮਾਰੇ ਗਏ ਸਾਰੇ ਸੈਨਿਕ ਅਵਧ ਅਤੇ ਇਸ ਦੇ ਪੂਰਬੀ ਇਲਾਕਿਆਂ (ਮੌਜੂਦਾ ਉੱਤਰ ਪ੍ਰਦੇਸ਼) ਦੇ ਨਿਵਾਸੀ ਸਨ।ਇਸ ਲਈ ਹੁਣ ਉਹਨਾਂ ਆਪਣੇ ਪੱਧਰ ‘ਤੇ ਸੈਨਿਕਾਂ ਦੀ ਪਹਿਚਾਣ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਦਾ ਦੌਰਾ ਕਰਕੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਪਾਸੋਂ ਸਹਿਯੋਗ ਮੰਗਿਆ ਹੈ।ਉਹਨਾਂ ਕਿਹਾ ਕਿ ਇਸ ਅਭਿਆਨ ਵਿਚ ਉਹਨਾਂ ਨੂੰ ਸਫ਼ਲਤਾ ਜ਼ਰੂਰ ਮਿਲੇਗੀ।
Punjab Post Daily Online Newspaper & Print Media