
ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਸਿਆਸੀ ਪੱਖਪਾਤ ਦਾ ਸਿਕਾਰ ਹੋ ਰਹੇ ਨੇੜਲੇ ਪਿੰਡ ਜਾਤੀਵਾਲ ਦੇ ਵਸਨੀਕਾਂ ਨੂੰ ਲੰਘੀਆਂ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਪੱਖੀ ਪੰਚਾਇਤ ਚੁਣਨ ਦੇ ਖਮਿਆਜ਼ੇ ਵੱਜੋਂ ਅੱਜ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦੇ ਘਰਾਂ ‘ਚ ਦਾਖਲ ਹੋ ਰਹੇ ਟੋਭੇ ਦੇ ਗੰਦੇ ਪਾਣੀ ਦੇ ਹੱਲ ਲਈ ਪਿਛਲੇ ਇੱਕ ਸਾਲ ਤੋਂ ਸਰਕਾਰੇ-ਦਰਬਾਰੇ ਧੱਕੇ ਖਾਂਦੀ ਆ ਰਹੀ ਪੰਚਾਇਤ ਨੇ ਅੱਜ ਮਜ਼ਬੂਰ ਹੋ ਕੇ ਪਿੰਡ ਵਾਸੀਆਂ ਸਮੇਤ ਪਿੰਡ ਅੰਦਰ ਰੋਸ ਮੁਜਾਹਰਾ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਇਕਬਾਲ ਸਿੰਘ ਅਤੇ ਬਲਾਕ ਕਾਂਗਰਸ ਮਾਲੇਰਕੋਟਲਾ ਦਿਹਾਤੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਿਆਸੀ ਪੱਖਪਾਤ ਤਹਿਤ ਪਿੰਡ ਨੂੰ ਕੋਈ ਗਰਾਂਟ ਨਾ ਦਿੱਤੇ ਜਾਣ ਕਾਰਨ ਪਿੰਡ ਦੇ ਗੰਦੇ ਟੋਭੇ ਦੀ ਸਫਾਈ ਨਹੀਂ ਹੋ ਸਕੀ। ਜਿਸ ਕਾਰਨ ਟੋਭੇ ਦਾ ਗੰਦਾਂ ਪਾਣੀ ਓਵਰ ਹੋ ਕੇ ਬਾਹਰ ਗਲੀਆਂ ‘ਚ ਆ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ‘ਚ ਤਾਂ ਹਾਲਤ ਹੋਰ ਵੀ ਮਾੜੀ ਹੁੰਦੀ ਹੈ। ਜਦੋਂ ਮੀਂਹ ਪੈਂਦਾ ਤਾਂ ਇਹ ਗੰਦਾਂ ਪਾਣੀ ਟੋਭੇ ਦੇ ਆਲੇ-ਦੁਆਲੇ ਵਾਲੇ ਘਰਾਂ ‘ਚ ਦਾਖਲ ਹੋ ਕੇ ਤਬਾਹੀ ਮਚਾਉਂਦਾ ਰਹਿੰਦਾ ਹੈ। ਘਰਾਂ ਦੇ ਵਿਹੜਿਆਂ ‘ਚ ਫਿਰਦੇ ਗੰਦੇ ਪਾਣੀ ਕਾਰਨ ਜਿਥੇ ਲੋਕਾਂ ਦਾ ਘਰਾਂ ‘ਚ ਬੈਠਣਾ ਤੇ ਰੋਟੀ ਖਾਣਾ ਦੁੱਭਰ ਹੋਇਆ ਪਿਆ ਹੈ, ਉਥੇ ਘਰਾਂ ਦੇ ਗੇਟਾਂ ਅੱਗੇ ਹਰ ਸਮੇਂ ਖੜੇ ਰਹਿੰਦੇ ਇਸ ਗੰਦੇ ਪਾਣੀ ਕਾਰਨ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਕੇ ਰਹਿ ਗਿਆ ਹੈ। ਇਥੋਂ ਤੱਕ ਕਿ ਸਕੂਲੀ ਬੱਚਿਆਂ ਨੂੰ ਵੀ ਇਸ ਗੰਦੇ ਪਾਣੀ ‘ਚੋਂ ਦੀ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਪਿੰਡ ਜਾਤੀਵਾਲ ਪੁੱਜੀ ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਹਰ ਸਮੇਂ ਗਲੀਆਂ ‘ਚ ਖੜ੍ਹੇ ਰਹਿੰਦੇ ਗੰਦੇ ਪਾਣੀ ਕਾਰਨ ਜਿਥੇ ਲੋਕਾਂ ਦੇ ਘਰਾਂ ‘ਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਉਥੇ ਗਲੀਆਂ ‘ਚ ਖੜੇ ਗੰਦੇ ਪਾਣੀ ‘ਚ ਪੈਦਾ ਹੋ ਰਹੇ ਮੱਛਰ-ਮੱਖੀਆਂ ਕਾਰਨ ਪਿੰਡ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਸਰਪੰਚ ਜਾਤੀਵਾਲ ਅਤੇ ਪ੍ਰਧਾਨ ਝੁਨੇਰ ਨੇ ਦੱਸਿਆ ਕਿ ਮਾਲੇਰਕੋਟਲਾ ਹਲਕੇ ਦੇ ਕੁੱਲ 56 ਪਿੰਡਾਂ ਵਿਚੋਂ ਜਾਤੀਵਾਲ ਇਕੋ-ਇੱਕ ਅਜਿਹਾ ਪਿੰਡ ਹੈ ਜਿਸਨੂੰ ਆਰ.ਡੀ.ਐਫ (ਰੂਲਰ ਡਿਵੈਲਪਮੈਂਟ ਫੰਡ) ਵਿਚੋਂ ਸਿਰਫ ਇੱਕ ਲੱਖ ਰੁਪੈ ਦੀ ਗ੍ਰਾਂਟ 60 ਹਜ਼ਾਰ ਰੁਪੈ ਲਾਇਟਾਂ ਲਈ ਅਤੇ 40 ਹਜ਼ਾਰ ਰੁਪਏ ਗਲੀਆਂ-ਨਾਲੀਆਂ ਲਈ ਮਿਲੀ ਹੈ, ਜਦ ਕਿ ਹਲਕੇ ਦੇ ਹੋਰਨਾਂ ਪਿੰਡਾਂ ਨੂੰ 20-20 ਲੱਖ ਰੁਪੈ ਦੀ ਗ੍ਰਾਂਟ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੇ ਗੰਦੇ ਟੋਭੇ ਦੀ ਸਫਾਈ ਲਈ ਗ੍ਰਾਂਟ ਵਾਸਤੇ ਕਈ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਦਿੱਤੀਆਂ ਲਿਖਤੀਆਂ ਦਰਖਾਸਤਾਂ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਗੇ ਕਾਰਵਾਈ ਲਈ ਏ.ਡੀ.ਸੀ. ਵਿਕਾਸ ਨੂੰ ਭੇਜ ਦਿੱਤੀਆਂ। ਜਿੰਨ੍ਹਾਂ ਨੇ ਪੰਚਾਇਤ ਨੂੰ ਟੋਭੇ ਦੀ ਸਫਾਈ ਅਤੇ ਨਾਲੀਆਂ ‘ਤੇ ਆਉਣ ਵਾਲੇ ਖਰਚੇ ਦਾ ਐਸਟੀਮੇਟ ਬਣਾਉਣ ਲਈ ਕਿਹਾ। ਬੀ.ਡੀ.ਪੀ.ਓ. ਦਫਤਰ ਦੇ ਐਸ.ਡੀ.ਓ. ਵੱਲੋਂ ਬਣਾਇਆ ਗਿਆ ਐਸਟੀਮੇਟ ਲੈ ਕੇ ਜਦੋਂ ਪੰਚਾਇਤ ਦੁਬਾਰਾ ਏ.ਡੀ.ਸੀ. ਸਾਹਿਬ ਨੂੰ ਮਿਲੀ ਤਾਂ ਉਨ੍ਹਾਂ ਕਥਿਤ ਸਪੱਸ਼ਟ ਜਵਾਬ ਦਿੰਦਿਆਂ ਪੰਚਾਇਤ ਨੂੰ ਹਲਕਾ ਵਿਧਾਇਕ ਪਾਸੋਂ ਪ੍ਰਵਾਨਗੀ ਲੈ ਕੇ ਆਉਣ ਦਾ ਹੁਕਮ ਚਾੜ੍ਹਦਿਆਂ ਕਿਹਾ ਕਿ ਹਲਕਾ ਵਿਧਾਇਕ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਗਰਾਂਟ ਨਹੀਂ ਮਿਲੇਗੀ। ਦੁੱਖੀ ਹੋਈ ਪੰਚਾਇਤ ਨੇ ਅੱਜ ਪੱਤਰਕਾਰਾਂ ਸਾਹਮਣੇ ਆਪਣਾ ਦੁਖੜਾ ਰੋਂਦੇ ਹੋਏ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਪਿੰਡ ਦੀ ਇਸ ਸਮੱਸਿਆ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਅਸੀਂ ਮਜ਼ਬੂਰ ਹੋ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਬਾਜਾ ਖੜਕਾਂਵਾਗੇ। ਇਸ ਦੌਰਾਨ ਜੇਕਰ ਪਿੰਡ ‘ਚ ਕੋਈ ਬਿਮਾਰੀ ਫੈਲਦੀ ਹੈ ਤਾਂ ਉਸਦਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media