ਵਿਚਾਰ ਅਧੀਨ ਕੈਦੀਆਂ ਦੇ ਡਾਕਟਰੀ ਮੁਲਾਹਜ਼ੇ ਦੇ ਕੰਮ ਦੀ ਕੀਤੀ ਜਾਂਚ
ਅੰਮ੍ਰਿਤਸਰ, 2 ਸਤੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਰੀਸ਼ ਬੰਸਲ ਨੇ ਅੱਜ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਵਿਚਾਰ ਅਧੀਨ ਕੈਦੀਆਂ ਦੇ ਡਾਕਟਰੀ ਮੁਲਾਹਜ਼ੇ ਸਬੰਧੀ ਹੁੰਦੇ ਕੰਮ ਦੀ ਜਾਂਚ ਕੀਤੀ ਅਤੇ ਇਸ ਸਬੰਧੀ ਪਾਈਆਂ ਗਈਆਂ ਕਮੀਆਂ ਦਾ ਸਖ਼ਤ ਨੋਟਿਸ ਲਿਆ। ਇਸ ਮੌਕੇ ਮੈਡਮ ਗਰੀਸ਼ ਬੰਸਲ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਸ਼ਿਕਾਇਤ ਮਿਲੀ ਸੀ ਕਿ ਵਿਚਾਰ ਅਧੀਨ ਕੈਦੀਆਂ ਦਾ ਇਥੇ ਚੰਗੀ ਤਰ੍ਹਾਂ ਡਾਕਟਰੀ ਮੁਲਾਹਜ਼ਾ ਨਹੀਂ ਹੁੰਦਾ ਅਤੇ ਬਿਨਾਂ ਪੂਰੀ ਜਾਂਚ ਕੀਤਿਆਂ ਹੀ ਉਨ੍ਹਾਂ ਨੂੰ ‘ਨੋ ਇੰਜਰੀ ਸਰਟੀਫਿਕੇਟ’ ਜਾਰੀ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਪ੍ਰੋਫਾਰਮਾ ਭਰ ਕੇ ਦੇਣਾ ਹੁੰਦਾ ਹੈ, ਜੋ ਕਿ ਨਹੀਂ ਭਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਅਕਤੀ ਦੀ ਪੂਰੀ ਸਰੀਰਕ ਜਾਂਚ ਹੋਣੀ ਜ਼ਰੂਰੀ ਹੈ ਪਰੰਤੂ ਇਥੇ ਕੇਵਲ ਰਸਮੀ ਪੁੱਛਗਿੱਛ ਤੋਂ ਬਾਅਦ ਹੀ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ, ਜੋ ਕਿ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਮੈਡੀਕਲ ਸਟਾਫ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਸ ਸਬੰਧੀ ਲਗਾਤਾਰ ਜਾਂਚ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਕੋਤਾਹੀ ਵਰਤਣ ਵਾਲੇ ਡਾਕਟਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕੈਦੀਆਂ ਦੀ ਸਿਹਤ ਦਾ ਪੂਰੀ ਤਰ੍ਹਾਂ ਰੱਖ-ਰਖਾਅ ਕਰੀਏ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਘਈ ਨੇ ਕਿਹਾ ਕਿ ਉਨ੍ਹਾਂ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਕੀਤੇ ਪ੍ਰੋਫਾਰਮੇ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹੁਣ ਤੋਂ ਹੀ ਇਹ ਪ੍ਰੋਫਾਰਮਾ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਵਿਚਾਰ ਅਧੀਨ ਕੈਦੀਆਂ ਦੇ ਸਮੇਂ ‘ਤੇ ਨਾ ਆਉਣ ਕਾਰਨ ਡਾਕਟਰਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ, ਜਿਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਇਸ ਮੌਕੇ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਕੌਮੀ ਸਕੱਤਰ ਸ੍ਰੀ ਸੰਜੀਵ ਭੱਲਾ, ਜਨਰਲ ਸਕੱਤਰ ਸ੍ਰੀ ਤੰਵਲ ਸਿੰਘ ਅਤੇ ਉਪ ਪ੍ਰਧਾਨ ਸ੍ਰੀ ਵਿਸ਼ਵ ਨਾਥ ਸ਼ੈਟੀ ਹਾਜ਼ਰ ਸਨ।
Punjab Post Daily Online Newspaper & Print Media