ਸੈਂਟਰਲ ਯੂਨੀਵਰਸਿਟੀ ਦਾ ਕੈਂਪਸ 18 ਮਹੀਨਿਆਂ ਵਿਚ ਤਿਆਰ ਹੋਵੇਗਾ – ਰਸਿਮਰਤ ਬਾਦਲ
ਬਠਿੰਡਾ, 7 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਨੂੰ ਦੇਸ਼ ਭਰ ਵਿਚ ‘ਸਿੱਖਿਆ ਅਤੇ ਸਿਹਤ ਸੇਵਾਵਾਂ’ ਦਾ ਧੁਰਾ ਬਣਾਉਣ ‘ਤੇ ਜ਼ੋਰ ਦਿੱਤਾ ਹੈ।ਪੰਜਾਬ ਸੈਂਟਰਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਸਿੱਖਿਆ ਸੈਕਟਰ ਨੂੰ ਹੁਲਾਰਾ ਦੇਣ ਲਈ ਵਿਲੱਖਣ ਕਦਮ ਪੁੱਟੇ ਹਨ ਜਿਸ ਦੇ ਨਤੀਜੇ ਵੱਜੋਂ ਪੰਜਾਬ, ਦੇਸ਼ ਵਿਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬੇ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 10 ਨਵੀਆਂ ਯੂਨੀਵਰਸਿਟੀਆਂ ਅਤੇ 17 ਡਿਗਰੀ ਕਾਲਜ ਸਥਾਪਤ ਕਰਨ ਤੋਂ ਇਲਾਵਾ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਸੂਬੇ ਵਿਚ ਸਿੱਖਿਆ ਦੇ ਖੇਤਰ ਵਿੱਚ ਮੁਕਾਬਲਤਨ ਪਛੜਿਆ ਹੋਇਆ ਇਲਾਕਾ ਮੰਨਿਆ ਗਿਆ ਹੈ ਪਰ ਹੁਣ ਬਠਿੰਡਾ ਖੇਤਰ ਵਿਚ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜ ਨਵੀਆਂ ਯੂਨੀਵਰਸਿਟੀਆਂ ਬਣਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਅਤਿ-ਆਧੁਨਿਕ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਹੋਰਨਾਂ ਸੂਬਿਆਂ ਨੂੰ ਜਾਂਦੇ ਸਨ ਜਦਕਿ ਹੁਣ ਸੂਬੇ ਦੇ ਹਰੇਕ ਖੇਤਰ ਵਿਚ ਅਤਿਆਧੁਨਿਕ ਇਲਾਜ ਅਤੇ ਟੈਸਟਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਹਨ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣਾ ਪਿਛਲੇ ਅੱਠ ਸਾਲਾਂ ਤੋਂ ਗਠਜੋੜ ਸਰਕਾਰ ਦੇ ਮੁੱਖ ਏਜੰਡੇ ‘ਤੇ ਰਿਹਾ ਹੈ।
ਮਾਨਵੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੂੰ ਦੇਸ਼ ਦੇ ਹਰੇਕ ਬਲਾਕ ਵਿਚ ਮੈਰੀਟੋਰੀਅਸ ਸਕੂਲ ਖੋਲ੍ਹਣ ਦੀ ਅਪੀਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਮਾਜ ਦੇ ਆਰਥਿਕ ਤੌਰ ‘ਤੇ ਪਛੜੇ ਹੋਏ ਹੁਸ਼ਿਆਰ ਵਿਦਿਆਰਥੀਆਂ ਲਈ ਇਹ ਸਕੂਲ ਵਰਦਾਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦੇ ਛੇ ਸਕੂਲ ਪਹਿਲਾਂ ਹੀ ਮੋਹਾਲੀ, ਬਠਿੰਡਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਸਥਾਪਤ ਕੀਤੇ ਜਾ ਚੁੱਕੇ ਹਨ ਜੋ ਕਿ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ ਵਿੱਚੋਂ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਇਹ ਤਜਰਬਾ ਪੂਰੀ ਤਰ੍ਹਾਂ ਸਫਲ ਹੋਇਆ ਹੈ ਅਤੇ ਇਸ ਨੇ ਸਿੱਖਿਆ ਦੇ ਮਾਪਦੰਡਾਂ ਨੂੰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਪਹੁੰਚਿਆ ਹੈ ਅਤੇ ਇਨ੍ਹਾਂ ਸਕੂਲਾਂ ਵਿਚ ਦਾਖਲਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਸਿਹਤਮੰਦ ਭਾਵਨਾ ਪੈਦਾ ਹੋਈ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏ ਦੀ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਹੀ ਸੂਬੇ ਨੂੰ ਅਨੇਕਾਂ ਕੁੰਜੀਵਤ ਪ੍ਰਾਜੈਕਟ ਦਿੱਤੇ ਹਨ ਜਿਨ੍ਹਾਂ ਨੇ ਸੂਬੇ ਨੂੰ ਹੋਰ ਵਿਕਾਸ ਦੇ ਰਾਹ ਉਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ‘ਹਰਿਦੇ’ ਸਕੀਮ ਹੇਠ ਵਿਰਾਸਤੀ ਸ਼ਹਿਰ ਵਜੋਂ ਚੁਣਿਆ ਹੈ ਜਿਸ ਨਾਲ ਇਸ ਸ਼ਹਿਰ ਦੇ ਵਿਕਾਸ ਲਈ ਸੈਂਕੜੇ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਹੀ ਜਲ੍ਹਿਆਂ ਵਾਲਾ ਬਾਗ਼ ਨੂੰ ਸਭਿਆਚਾਰਕ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਨਾਲ ਇਸ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਾਸਤੇ ਵਿਸ਼ੇਸ਼ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਨੇ ਏਮਜ਼, ਆਈ.ਆਈ.ਐਮ ਅਤੇ ਪੋਸਟ ਗ੍ਰੈਜੂਏਟ ਹੌਰਟੀਕਲਚਰ ਰਿਸਰਚ ਐਂਡ ਐਜੁਕੇਸ਼ਨ ਇੰਸਟੀਚਿਊਟ ਵਰਗੀਆਂ ਅਹਿਮ ਸੰਸਥਾਵਾਂ ਸੂਬੇ ਨੂੰ ਦੇਣ ਵਾਸਤੇ ਐਨ.ਡੀ.ਏ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੇਂਦਰ ਸਰਕਾਰ ਨੇ ਸੂਬੇ ਨੂੰ ਅਜਿਹੇ ਕੁੰਜੀਵਤ ਪ੍ਰਾਜੈਕਟ ਦਿੱਤੇ ਹਨ। ਸ. ਬਾਦਲ ਨੇ ਪੰਜਾਬ ਦੇ ਦੇਸ਼ ਭਗਤ ਲੋਕਾਂ ਪ੍ਰਤੀ ਇਹ ਭਾਵਨਾ ਦਿਖਾਉਣ ਲਈ ਐਨ.ਡੀ.ਏ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਕਿਸਾਨਾਂ ਨਾਲ ਭਾਵਨਾਤਮਕ ਸਾਂਝ ਦਾ ਸਬੂਤ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਕਪਾਹ ਪੱਟੀ ਦੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਤੋਂ ਭਲੀ ਭਾਂਤ ਜਾਣੂੰ ਹੈ ਅਤੇ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗੀ ਅਤੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਕਪਾਹ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਸਮੁੱਚੀ ਸਮੱਸਿਆ ਦਾ ਢੁਕਵਾਂ ਹੱਲ ਕੱਢਣ ਕਈ ਜ਼ਿਕਰਯੋਗ ਕਦਮ ਚੁੱਕੇ ਗਏ ਹਨ।
ਵਿਰੋਧੀ ਸਿਆਸੀ ਪਾਰਟੀ ਵੱਲੋਂ ਸਰਕਾਰ ਪ੍ਰਤੀ ਅਪਣਾਏ ਗਏ ਗੈਰ-ਗੰਭੀਰ ਸਿਆਸੀ ਪ੍ਰਾਪੇਗੰਡੇ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸਿਆਸੀ ਪਾਰਟੀਆਂ ਦਾ ਆਧਾਰ ਸਿਰਫਾ ਲੋਕਾਂ ਨੂੰ ਵਰਗਲਾਉਣਾ ਹੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਾਰਟੀ ਨੇ ਆਪਣੇ ਲੰਮੇ ਸਿਆਸੀ ਸੱਤਾਕਾਲ ਦੌਰਾਨ ਇਕ ਵੀ ਅਜਿਹਾ ਜ਼ਿਕਰਯੋਗ ਕੰਮ ਨਹੀਂ ਕੀਤਾ ਜਿਸ ਨਾਲ ਸੂਬੇ ਦਾ ਭਲਾ ਹੋਇਆ ਹੋਵੇ। ਇਸੇ ਤਰ੍ਹਾਂ ਸ. ਬਾਦਲ ਨੇ ਆਮ ਆਦਮੀ ਪਾਰਟੀ ਨੂੰ ਮਹਿਜ਼ ਸਿਆਸੀ ਸ਼ੋਸ਼ੇ ਛੱਡਣ ਵਾਲੀ ਪਾਰਟੀ ਕਰਾਰ ਦਿੱਤਾ ਜਿਸ ਨੇ ਹੁਣ ਤੱਕ ਕੋਈ ਵੀ ਸਿਆਸੀ ਏਜੰਡਾ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤਾ। ਸ. ਬਾਦਲ ਨੇ ਲੋਕਾਂ ਨੂੰ ਅਜਿਹੀਆਂ ਪਾਰਟੀਆਂ ਤੋਂ ਬਚਣ ਦੀ ਸਲਾਹ ਦਿੱਤੀ।
ਇਸ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਮਾਲਵਾ ਖਿੱਤੇ ਲਈ ਇਤਿਹਾਸਕ ਦਿਹਾੜਾ ਹੈ ਕਿਉਂਕਿ ਅੱਜ ਸਿੱਖਿਆ ਦੇ ਖੇਤਰ ਵਿੱਚ ਇੱਥੇ ਇਕ ਨਿਵੇਕਲੀ ਪਹਿਲਕਦਮੀ ਦਾ ਆਗਾਜ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਮੁਕੰਮਲ ਹੋਣ ਨਾਲ ਤਕਰੀਬਨ 18,000 ਵਿਦਿਆਰਥੀ ਉੱਤਮ ਦਰਜੇ ਦੀ ਸਿੱਖਿਆ ਹਾਸਲ ਕਰਨਗੇ ਅਤੇ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਕਾਰਜ ਲਈ 2000 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ।
ਸੂਬਾ ਸਰਕਾਰ ਵੱਲੋਂ ਚਲਾਈਆਂ ਗਈਆਂ ਵਿਕਾਮੁਖੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਛੇਤੀ ਹੀ ਇਕ ਲੱਖ ਸਰਕਾਰੀ ਨੌਕਰੀਆਂ ਕੱਢੀਆਂ ਜਾਣਗੀਆਂ। ਇਸ ਦੇ ਨਾਲ ਹੀ ਵਿਕਾਸ ਕਾਰਜਾਂ ਲਈ ਹਰ ਇਕ ਵਿਧਾਨ ਸਭਾ ਹਲਕੇ ਨੂੰ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਾਸ ਤੌਰ ‘ਤੇ ਸੀਵਰੇਜ ਦੀ ਸਥਾਪਤੀ ਯਤਨ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਅਗਲੇ ਸਾਲ 800 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਯੋਜਨਾ ਹੈ ਜਿਸ ਵਿੱਚੋਂ ਅੱਧੀ ਰਾਸ਼ੀ ਬਠਿੰਡਾ ਦੇ ਖਾਲਿਆਂ ਦੀ ਮਜ਼ਬੂਤੀ ਲਈ ਖਰਚੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਪਾਣੀ ਦੀ ਸਮੱਸਿਆ ਦੂਰ ਕਰਨ ਲਈ 2000 ਕਰੋੜ ਰੁਪਏ ਖਰਚੇ ਜਾਣਗੇ।
ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਅੱਠ ਸਾਲਾਂ ਦੌਰਾਨ ਸੂਬਾ ਸਰਕਾਰ ਨੇ ਦੋ ਥਰਮਲ ਪਲਾਂਟ ਪੰਜਾਬ ਵਿੱਚ ਲਿਆਂਦੇ ਹਨ ਅਤੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾ ਦਿੱਤਾ ਹੈ।
ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਇਸ ਸਿਆਸੀ ਜਮਾਤ ਨੇ ਪੰਜਾਬ ਦੇ ਭਲੇ ਲਈ ਕੋਈ ਪਹਿਲਕਦਮੀ ਨਹੀਂ ਕੀਤੀ, ਉਥੇ ਦੂਜੇ ਪਾਸੇ ਇਸ ਦੇ ਆਗੂ ਰਾਹੁਲ ਗਾਂਧੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਗਰਦਾਨ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪੰਜਾਬ ਦਾ ਅਕਸ ਗੰਧਲਾ ਕਰਨ ਦੀ ਗੁਸਤਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਲੋਕਾਂ ਦੀ ਪਹੁੰਚ ਤੋਂ ਸਦਾ ਦੂਰ ਰਹੇ ਜਦਕਿ ਸ. ਪਰਕਾਸ਼ ਸਿੰਘ ਬਾਦਲ ਹਰ ਸਮੇਂ ਲੋਕਾਂ ਨਾਲ ਨੇੜ ਦਾ ਰਿਸ਼ਤਾ ਬਣਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਤਰੱਦਦ ਕਰਦੇ ਆ ਰਹੇ ਹਨ।
ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਿਨ੍ਹਾਂ ਨੇ ਸਾਬਕਾ ਫੌਜੀਆਂ ਦੀ ਚਿਰੋਕਣੀ ਮੰਗ ‘ਇਕ ਰੈਂਕ-ਇਕ ਪੈਂਨਸ਼ਨ’ ਨੂੰ ਪ੍ਰਵਾਨ ਕਰਕੇ ਇਕ ਨਿਵੇਕਲਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕੇਂਦਰੀ ਯੂਨੀਵਰਸਿਟੀ ਦਾ ਤੋਹਫਾ ਦਿੱਤਾ ਹੈ।
ਆਪਣੇ ਸੰਬੋਧਨ ਦੌਰਾਨ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਕਿ ਇਹ ਕੇਂਦਰੀ ਯੂਨੀਵਰਸਿਟੀ ਦੇਸ਼ ਦੀਆਂ ਸਿਰਕੱਢ ਸਿੱਖਿਆ ਸੰਸਥਾਵਾਂ ਵਿੱਚੋਂ ਇਕ ਹੈ।ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.), ਅੰਮ੍ਰਿਤਸਰ ਵਿਖੇ ਖੇਤੀ ਤਕਨੀਕਾਂ, ਪਾਣੀ, ਪੇਂਡੂ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੈਨੇਜਮੈਂਟ ਦੇ ਕੋਰਸ ਸ਼ੁਰੂ ਕਰਕੇ ਦੇਸ਼ ਵਿੱਚੋਂ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਬਾਕੀ ਦੇ ਸੂਬੇ ਵੀ ਪੰਜਾਬ ਦੇ ਮਾਡਲ ਨੂੰ ਅਪਣਾ ਸਕਣ। ਸ੍ਰੀਮਤੀ ਇਰਾਨੀ ਨੇ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸਨਅਤ ਦੇ ਵਿਕਾਸ ਲਈ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਵਿਚਾਲੇ ਸੰਭਾਵੀ ਸਮਝੌਤੇ ਦੀ ਤਜਵੀਜ਼ ਵੀ ਰੱਖੀ। ਇਸ ਕਾਰਜ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਦਿੱਤੇ ਜਾਣ ਦਾ ਪ੍ਰਸਤਾਵ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਵਾਂ ਕੈਂਪਸ 18 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਿੱਖਿਆ ਦੇ ਪਾਸਾਰ ਲਈ ਇਕ ਚਾਨਣ-ਮੁਨਾਰਾ ਸਾਬਤ ਹੋਵੇਗੀ ਕਿਉਂਕਿ ਦੁਨੀਆਂ ਦੇ ਪ੍ਰਸਿੱਧ ਸਿੱਖਿਆ ਮਾਹਿਰਾਂ ਨੂੰ ਇੱਥੇ ਸੱਦਿਆ ਜਾਂਦਾ ਰਹੇਗਾ ਅਤੇ ਉਹ ਆਪਣੀਆਂ ਖੋਜਾਂ ਬਾਰੇ ਵਿਦਿਆਰਥੀਆਂ ਨੂੰ ਭਾਸ਼ਣ ਤੇ ਸਿੱਖਿਆ ਮੁਹੱਈਆ ਕਰਨਗੇ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਦੇ ਕਾਰਨ ਖਿੱਤੇ ਵਿੱਚੋਂ ਮੁਹਾਰਤ ਦੀ ਬਰਾਮਦ (ਬਰੇਨ-ਡਰੇਨ) ਦੇ ਨਕੇਲ ਕਸੀ ਜਾਵੇਗੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਸ ਮੌਕੇ ‘ਤੇ ਬੋਲਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਰਹਿਨੁਮਾਈ ਹੇਠ ਸੂਬੇ ਦੇ ਵਿੱਦਿਆ ਖੇਤਰ ਵਿੱਚ ਕਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਈ.ਆਈ.ਐਮ., ਆਈ.ਐਸ.ਬੀ., ਆਈ.ਟੀ.ਆਈ.ਵਰਗੇ ਵਿੱਦਿਅਕ ਅਦਾਰਿਆਂ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਮਾਈ ਭਾਗੋ ਇਸਤਰੀ ਵਿੱਦਿਆ ਸਕੀਮ ਅਤੇ ਡਾ. ਹਰਗੋਬਿੰਦ ਖੁਰਾਣਾ ਪੋਸਟ ਮੈਟ੍ਰਿਕ ਸ਼ਕਾਲਰਸਿਪ ਸਕੀਮ ਨੇ ਵੀ ਇਸ ਖੇਤਰ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਸੂਬੇ ਦੇ ਵਿਕਾਸ ਵਿੱਚ ਇਕ ਮੀਲ ਪੱਥਰ ਹੈ, ਜਿੱਥੇ 18000 ਵਿੱਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ।
ਕਾਂਗਰਸ ਦੀ ਯੂ.ਪੀ.ਏ.ਸਰਕਾਰ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦੌਰ ਵਿੱਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਜਦਕਿ ਐਨ.ਡੀ.ਏ.ਸਰਕਾਰ ਨੇ ਪਿਛਲੇ ਇਕ ਸਾਲ ਵਿੱਚ ਸੂਬੇ ਨੂੰ ਕਈ ਵੱਡੇ ਪ੍ਰੋਜੈਕਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਅਤੇ ਆਉਣ ਵਾਲੇ ਸਮੇਂ ਵਿੱਚ ਐਨ.ਡੀ.ਏ. ਸਰਕਾਰ ਹੋਰ ਵੱਡੇ ਪ੍ਰੋਜੈਕਟ ਦੇ ਕੇ ਪੰਜਾਬ ਵਿੱਚ ਆਰਥਿਕ ਵਿਕਾਸ ਨੂੰ ਹੋਰ ਅੱਗੇ ਵਧਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਅਤੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਅਤੇ ਜਨਮੇਜਾ ਸਿੰਘ ਸੇਖੋਂ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਹਰਪ੍ਰੀਤ ਸਿੰਘ, ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਕੇ.ਜੀ.ਐਸ.ਚੀਮਾ, ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਹਰਜਿੰਦਰ ਸਿੱਧੂ, ਚੈਅਰਮੇਨ ਤੇਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਵਣਵਾਲਾ, ਮੈਂਬਰ ਪੰਜਾਬ ਇਸਤਰੀ ਕਮਿਸ਼ਨ ਬੀਬੀ ਵੀਰਪਾਲ ਕੌਰ ਤਰਮਾਲਾ, ਆਈ.ਜੀ. ਬੀ.ਕੇ.ਬਾਵਾ, ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਤੋਂ ਇਲਾਵਾ ਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media