ਅੰਮ੍ਰਿਤਸਰ, 8 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਖੋਜਾਰਥੀ ਸ੍ਰੀ ਰਿਪੂ ਦਮਨ ਪਰਿਹਾਰ ਨੇ ਚੀਨ ਵਿਖੇ ਅੱਠ ਦਿਨਾਂ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਭਾਗ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਸਭਿਆਚਾਰ ਅਤੇ ਰਿਵਾਇਤਾਂ ਦੀ ਜਾਣਕਾਰੀ ਹਾਸਲ ਕਰਨਾ ਸੀ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਯੁਵਕ ਭਲਾਈ ਤੇ ਖੇਡ ਮੰਤਰਾਲੇ ਵੱਲੋਂ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੌਰਾਨ ਯੁਵਕਾਂ ਵੱਲੋਂ ਵੱਖ-ਵੱਖ ਯੂਨੀਵਰਸਿਟੀਆਂ, ਵਲੰਟੀਅਰ ਕੇਂਦਰਾਂ, ਇਤਿਹਾਸਕ ਸਥਾਨਾਂ ਅਤੇ ਸਨਅਤਾਂ ਦੇ ਟੈਕਨੀਸ਼ਨਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜਾਣਕਾਰੀ ਪ੍ਰਾਪਤ ਕੀਤੀ ਗਈ। ਸ੍ਰੀ ਰਿਪੂ ਦਮਨ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਯੂਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਰਿਪੂ ਦਮਨ ਨੇ ਆਪਣੀ ਚੀਨ ਫੇਰੀ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਚੀਨ ਵਿਖੇ ਸਨਅਤਾਂ ਵੱਲੋਂ ਉਤਪਾਦਨ ਕਰਨ ਸਮੇਂ ਆਮ ਵਿਅਕਤੀ ਵੱਲੋਂ ਸਸਤੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸਦੇ ਨਤੀਜੇ ਵਜੋਂ ਉਤਪਾਤਨ ਦੀ ਕੀਮਤ ਘੱਟ ਜਾਂਦੀ ਹੈ ਅਤੇ ਹਰ ਤਰ੍ਹਾਂ ਦਾ ਉਪਭੋਗਤਾ ਉਸ ਨੂੰ ਆਸਾਨੀ ਨਾਲ ਖਰੀਦ ਸਕਦਾ ਹੈ।ਉਨ੍ਹਾਂ ਕਿਹਾ ਕਿ ਚੀਨ ਵਿਖੇ ਹਰ ਨਾਗਰਿਕ ਨੂੰ ਫਿਟ ਰਹਿਣ ਲਈ ਪਬਲਿਕ ਜਿਮ ਦੀ ਸਹੂਲਤ ਮੁਫਤ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਚੀਨ ਵਿਖੇ ਜ਼ਿਆਦਾਤਰ ਲੋਕ ਸਾਈਕਲ ਦੀ ਸਵਾਰੀ ਨੂੰ ਪਹਿਲ ਦਿੰਦੇ ਹਨ, ਜਿਸਦੇ ਨਤੀਜੇ ਵਜੋਂ ਵਾਤਾਵਰਣ ਸਵੱਛ ਰਹਿੰਦਾ ਹੈ ਅਤੇ ਈਂਧਨ ਦੀ ਬਚਤ ਦੇ ਨਾਲ-ਨਾਲ ਸਿਹਤ ਵੀ ਠੀਕ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਚੀਨੀ ਸਿਖਿਆ ਅਦਾਰਿਆਂ ਵਿਚ ਪ੍ਰਯੋਗੀ ਕਾਰਜਾਂ ਨੂੰ ਪਹਿਲ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਚੀਨ ਵਿਖੇ ਫੈਕਟਰੀਆਂ ਵਿਚ ਕੰਮ ਕਰਦੇ ਕਾਮਿਆਂ ‘ਤੇ ਬਹੁਤਾ ਬੋਝ ਜਾਂ ਤਣਾਅ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ ਇਕ ਨਿਰਧਾਰਤ ਸਮੇਂ ਬਾਅਦ ਅੱਧੇ ਘੰਟੇ ਦੀ ਨਿਰੰਤਰ ਬਰੇਕ ਦਿੱਤੀ ਜਾਂਦੀ ਹੈ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਹਲਕੇ ਸੰਗੀਤ ਦਾ ਪ੍ਰਵਾਹ ਚਲਦਾ ਰਹਿੰਦਾ ਹੈ ਤਾਂ ਜੋ ਕਾਮੇ ਤਣਾਅ ਮੁਕਤ ਮਾਨਸਿਕਤਾ ਨਾਲ ਆਪਣੇ ਕੰਮ ਨੂੰ ਵਧੇਰੇ ਹੁਨਰਮੰਦੀ ਨਾਲ ਕਰ ਸਕਣ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਤ ਦੇ ਖਾਣੇ ਦਾ ਬਾਅਦ ਸਾਰੇ ਜਨ ਸਾਧਾਰਨ ਪਾਰਕਾਂ ਵਿਚ ਜਾਂਦੇ ਹਨ ਜਿੱਥੇ ਨੱਚ ਗਾ ਕੇ ਆਪਣਾ ਮਨੋਰੰਜਨ ਕਰਦੇ ਹਨ ਅਤੇ ਸਰੀਰਿਕ ਤੌਰ ‘ਤੇ ਫਿਟ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਚੀਨ ਦੇ ਮੁਕਾਬਲੇ ਭਾਰਤੀ ਲੋਕ ਕਾਨੂੰਨਾ ਪ੍ਰਤੀ ਘੱਟ ਜ਼ਿੰਮੇਵਾਰ ਅਤੇ ਆਪਣੇ ਹੱਕਾਂ ਪ੍ਰਤੀ ਘੱਟ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਚੀਨੀ ਲੋਕ ਜਨਸੰਖਿਆ ਪ੍ਰਤੀ ਬਹੁਤ ਸੁਚੇਤ ਹਨ ਅਤੇ ਇਸ ਪ੍ਰਤੀ ਕੜੇ ਕਾਨੂੰਨ ਬਣਾਏ ਗਏ ਹਨ ਤਾਂ ਜੋ ਇਕ ਬੱਚੇ ਦੀ ਨੀਤੀ ਨੂੰ ਅਪਣਾ ਸਕਣ।ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਸਾਂਝੀਵਾਲਤਾ ਤੇ ਭਾਈਚਾਰੇ ਦਾ ਸੰਦੇਸ਼ ਮਿਲਿਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media