ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋ-ਦਿਨਾ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਪਹਿਲਾ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਐਤਵਾਰ 13 ਸਤੰਬਰ ਸ਼ਾਮ 5 ਵਜੇ ਅਰੰਭ ਹੋਵੇਗਾ।ਇਸ ਮੌਕੇ ਤੇ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਦੇ ਕੀਰਤਨ ਉਪਰੰਤ ਰਹਰਾਸਿ ਸਾਹਿਬ ਦਾ ਪਾਠ ਹੋਵੇਗਾ ਅਤੇ ਪਾਠ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਤੇ ਭਾਈ ਗੁਰਦੇਵ ਸਿੰਘ ਖਾਲਸਾ ਅਤੇ ਭਾਈ ਅਨੂਪ ਸਿੰਘ (ਊਨਾ ਵਾਲੇ) ਦੇ ਕੀਰਤਨੀ ਜੱਥੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਹਰਨਾਮ ਸਿੰਘ ਖਾਲਸਾ (ਦਮਦਮੀ ਟਕਸਾਲ) ਗੁਰ ਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸ. ਰਾਣਾ ਨੇ ਦਸਿਆ ਕਿ ਇਸ ਤੋਂ ਅਗਲੇ ਦਿਨ, ਅਰਥਾਤ ਸੋਮਵਾਰ 14 ਸਤੰਬਰ ਨੂੰ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ।ਜਿਸ ਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ। ਉਪਰੰਤ ਭਾਈ ਅਮਨਦੀਪ ਸਿੰਘ (ਗੁ. ਸੀਸਗੰਜ ਸਾਹਿਬ) ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਦਰਸ਼ਨ ਸਿੰਘ ਗੁਰ ਸ਼ਬਦ ਦੀ ਕੱਥਾ ਰਾਹੀਂ ਜੀਵਨ ਵਿੱਚ ਬਾਣੀ ਮਹਤੱਵ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਬੀਰ ਸਿੰਘ, ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਭਾਈ ਗੁਰਨਾਮ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਦੇ ਜੱਥੇ ਗਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਵਾ ਗੁਰੂ ਚਰਨਾਂ ਨਾਲ ਜੋੜਨਗੇ।ਸ. ਰਾਣਾ ਨੇ ਹੋਰ ਦਸਿਆ ਕਿ ਇਸ ਮੌਕੇ ਤੇ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media