
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂੰਨਾ ਨੂੰ ਕਮੇਟੀ ਦੇ ਉਸਾਰੂ ਕਾਰਜਾਂ ਨੂੰ ਸੰਗਤਾਂ ਤਕ ਪੂਰੀ ਤਨਦੇਹੀ ਨਾਲ ਪਹੁੰਚਾਉਣ ਦਾ ਸੱਦਾ ਦਿੱਤਾ ਹੈ। ਕਮੇਟੀ ਦਫ਼ਤਰ ਵਿੱਖੇ ਕਮੇਟੀ ਦੇ ਅਹੁੱਦੇਦਾਰਾਂ, ਮੈਂਬਰ ਸਾਹਿਬਾਨਾਂ ਅਤੇ ਪਾਰਟੀ ਕਾਰਕੂੰਨਾਂ ਨੂੰ ਕਮੇਟੀ ਵੱਲੋਂ ਕਾਨੂੰਨੀ ਜੱਦੋਜਹਿਦ ਕਰਕੇ ਬਾਲਾ ਸਾਹਿਬ ਹਸਪਤਾਲ ਨੂੰ ਸ਼ੁਰੂ ਕਰਨ ਦਾ ਰਾਹ ਪੱਧਰਾ ਕਰਨ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। ਜੀ.ਕੇ. ਨੇ ਹਸਪਤਾਲ ਨੂੰ ਸੰਗਤਾਂ ਦੀ ਭਾਵਨਾਵਾਂ ਦਾ ਕੇਂਦਰ ਦਸਦੇ ਹੋਏ ਗਰੀਬਾਂ ਅਤੇ ਲੋੜਵੰਦਾਂ ਲਈ ਹਸਪਤਾਲ ਦੀ ਛੇਤੀ ਸ਼ੁਰੂਆਤ ਨੂੰ ਆਪਣੇ ਏਜੰਡੇ ਵਿੱਚ ਸਭ ਤੋਂ ਅੱਗੇ ਦਸਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦਾ ਵੇਰਵਾ ਵੀ ਜੀ.ਕੇ. ਨੇ ਪਾਰਟੀ ਕਾਰਕੂੰਨਾਂ ਨਾਲ ਸੰਵਾਦ ਦੌਰਾਨ ਰੱਖਿਆ।ਪਾਰਟੀ ਦੀ ਸਟੂਡੈਂਟ ਵਿੰਗ ਸੋਈ (ਐਸ.ਓ.ਆਈ.) ਵੱਲੋਂ ਤਿੰਨ ਖਾਲਸਾ ਕਾੱਲਜਾਂ ਵਿੱਚ ਸਥਾਨਕ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜਨ ਦੀ ਗੱਲ ਕਰਦੇ ਹੋਏ ਸਮੂਹ ਕਾਰਕੂੰਨਾਂ ਨੂੰ ਕਾੱਲਜ ਵਿਦਿਆਰਥੀਆਂ ਨੂੰ ਸੋਈ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਸਤੇ ਪ੍ਰੇਰਿਤ ਕਰਨ ਦੇ ਵੀ ਆਦੇਸ਼ ਦਿੱਤੇ।
ਦਿੱਲੀ ਕਮੇਟੀ ਦੇ ਜਨਰਲ ਸੱਕਤਰ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਔਰੰਗਜੇਬ ਰੋਡ ਦੇ ਨਾਂ ਤੇ ਪੜਦੇ ਪਿੱਛੇ ਹੋਈ ਸਿਆਸਤ ਨੂੰ ਮੰਦਭਾਗਾਂ ਦਸਿਆ। ਸਿਰਸਾ ਨੇ ਸਮੂਹ ਕਾਰਕੂੰਨਾਂ ਨੂੰ ਸੋਈ ਉਮੀਦਵਾਰਾਂ ਦੀ ਜਿੱਤ ਨੂੰ ਪੱਕਾ ਕਰਨ ਵਾਸਤੇ ਬਿਨਾਂ ਕਿਸੇ ਆਦੇਸ਼ ਦੀ ਇੰਤਜਾਰ ਕੀਤੇ ਵਿਦਿਆਰਥੀਆਂ ਨੂੰ ਸੋਈ ਨੂੰ ਵੋਟਾਂ ਪਾਉਣ ਲਈ ਲਾਮਬੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਦੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਗੁਰਬਚਨ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਸੱਕਤਰ ਜਨਰਲ ਜਸਪੀ੍ਰਤ ਸਿੰਘ ਵਿੱਕੀ ਮਾਨ ਆਦਿਕ ਮੌਜ਼ੂਦ ਸਨ।
Punjab Post Daily Online Newspaper & Print Media