
ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵ: ਮਾਤਾ ਭਗਵਾਨ ਕੌਰ ਜੀ ਵਲੋਂ ਰੈੱਡ ਕਰਾਸ ਨੂੰ ਦਾਨ ਵਿੱਚ ਦਿੱਤੇ ਮਕਾਨ ਵਿਖੇ ਪਹਿਲਾਂ ਚੱਲਦੀ ਡਿਸਪੈਂਸਰੀ ਦੀ ਬਿਲਡਿੰਗ ਦੀ ਰੈੱਡ ਕਰਾਸ ਵਲੋਂ ਨਵੀਂ ਉਸਾਰੀ ਕਰਵਾਉਣ ਉਪਰੰਤ ਇਸਦਾ ਉਦਘਾਟਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਵਲੋਂ ਕੀਤਾ ਗਿਆ। ਉਨ੍ਹਾਂ ਸਵ: ਮਾਤਾ ਭਗਵਾਨ ਕੌਰ ਅਤੇ ਉਹਨਾਂ ਦੇ ਪਤੀ ਸੱਜਣ ਸਿੰਘ ਸਰਾਂ ਨੂੰ ਸ਼ਰਧਾ ਸੁਮਨ ਵੀ ਭੇਂਟ ਕੀਤੇ। ਪਿੰਡ ਨਰੂਆਣਾ ਵਿਖੇ ਡਿਸਪੈਂਸਰੀ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਸੰਬੋਧਨ ਕਰਦਿਆਂ ਮੈਡਮ ਵੀਨਸ ਗਰਗ ਨੇ ਕਿਹਾ ਕਿ ਮਾਤਾ ਜੀ ਦਾ ਪੁਰਾਣਾ ਮਕਾਨ ਅਸੁਰੱਖਿਅਤ ਹੋਣ ਕਾਰਣ ਰੈਡ ਕਰਾਸ ਵਲੋਂ ਸਾਲ 2013 ਵਿੱਚ ਲਗਭਗ 11 ਲੱਖ ਰੁਪਏ ਖਰਚ ਕਰਕੇ ਇਸ ਬਿਲਡਿੰਗ ਦੀ ਮੁਰੰਮਤ ਕਰਵਾ ਕੇ ਤਿਆਰ ਕਰਵਾਇਆ ਗਿਆ ਸੀ।ਪਿੰਡ ਵਾਸੀਆਂ ਅਤੇ ਮਾਤਾ ਜੀ ਦੀ ਇੱਛਾ ਮੁਤਾਬਕ ਇਸ ਨਵੀਂ ਬਿਲਡਿੰਗ ਵਿੱਚ ਡਿਸਪੈਂਸਰੀ ਤਬਦੀਲ ਕੀਤੀ ਗਈ ਹੈ, ਤਾਂ ਜੋ ਇਸ ਦਾ ਲਾਭ ਪਿੰਡ ਵਾਸੀਆਂ ਨੂੰ ਮਿਲ ਸਕੇ। ਸ਼੍ਰੀਮਤੀ ਗਰਗ ਨੇ ਇਹ ਵੀ ਕਿਹਾ ਕਿ ਸਵ: ਮਾਤਾ ਭਗਵਾਨ ਕੌਰ ਜੀ ਨੇ ਖ਼ੁਦ ਦਾ ਮਕਾਨ ਦਾਨ ਕਰਨ ਤੋਂ ਇਲਾਵਾ ਰੈਡ ਕਰਾਸ ਨੂੰ 2 ਹਿੱਸਿਆਂ ਵਿੱਚ ਜ਼ਮੀਨ ਵੀ ਦਾਨ ਵਜੋਂ ਦਿੱਤੀ ਸੀ। ਇਸ ਜ਼ਮੀਨ ਤੋਂ ਹੋਣ ਵਾਲੀ ਆਮਦਨ ਨਾਲ ਰੈੱਡ ਕਰਾਸ ਸੁਸਾਇਟੀ ਜ਼ਿਲ੍ਹੇ ਦੇ ਗਰੀਬਾਂ, ਮਰੀਜ਼ਾਂ ਅਤੇ ਅੰਗਹੀਣਾਂ ਦੀ ਸੇਵਾ ਕਰਦੀ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਆਮਦਨ ਨਾਲ ਰੈੱਡ ਕਰਾਸ ਲੋਕ ਭਲਾਈ ਲਈ ਜ਼ਿਲ੍ਹੇ ਵਿੱਚ ਕਈ ਪ੍ਰੋਜੈਕਟ ਚਲਾ ਰਹੀ ਹੈ, ਜਿਨ੍ਹਾਂ ਵਿਚ ਗੂੰਗੇ ਅਤੇ ਬੋਲੇ ਬੱਚਿਆਂ ਲਈ ਸਕੂਲ, ਲਾਵਾਰਿਸ ਅਤੇ ਅਣਚਾਹੇ ਬੱਚਿਆਂ ਦੀ ਭਲਾਈ ਲਈ ਪੰਘੂੜਾ ਪ੍ਰੋਜੈਕਟ, ਨਸ਼ਾ ਛਡਾਊ ਕੇਂਦਰ, ਗਰੀਬ ਲੜਕੀਆਂ ਲਈ ਸਿਲਾਈ ਕਢਾਈ ਕੇਂਦਰ, ਅੰਗਹੀਣਾਂ ਨੂੰ ਬਣਾਉਟੀ ਅੰਗ ਪ੍ਰਦਾਨ ਕਰਨਾ, ਟਰਾਈਸਾਈਕਲਾਂ ਦੀ ਮਦਦ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦੇਣਾ, ਬੱਚਿਆਂ ਲਈ ਕਰੈੱਚ ਸੈਂਟਰਜ਼ ਅਤੇ ਕੈਂਸਰ ਪੀੜਤਾਂ ਦੇ ਵਾਰਸਾਂ ਲਈ ਸ਼ਾਰਟ ਸਟੇਅ ਹੋਮ ਆਦਿ ਸ਼ਾਮਿਲ ਹਨ। ਮੈਡਮ ਵੀਨਸ ਗਰਗ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਰੈੱਡ ਕਰਾਸ ਸੁਸਾਇਟੀ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀਮਤੀ ਸੁਖਦੇਵ ਕੌਰ, ਮੈਂਬਰ ਪੰਚਾਇਤ, ਮਾਰਕਿਟ ਕਮੇਟੀ ਮੈਂਬਰ ਗੁਰਜੰਟ ਸਿੰਘ, ਡਿਸਪੈਂਸਰੀ ਦੇ ਡਾਕਟਰ ਵੀਨਸ ਜਿੰਦਲ, ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਕੌਰ ਅਤੇ ਬੀਡੀਪੀਓ ਕਵਿਤਾ ਗਰਗ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਵਿੱਚ ਰੈੱਡ ਕਰਾਸ ਕਾਰਜਕਾਰੀ ਕਮੇਟੀ ਮੈਂਬਰਾਂ ਵਿਚੋਂ ਜੇਆਰ ਗੋਇਲ, ਰਕੇਸ਼ ਨਰੂਲਾ, ਐਸਐਲ ਲਾਟੀਕਾ, ਮੈਡਮ ਮੋਨੀਕਾ ਕਪੂਰ ਵੀ ਹਾਜ਼ਰ ਹੋਏ। ਅੰਤ ਵਿੱਚ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
Punjab Post Daily Online Newspaper & Print Media