
ਸਮਰਾਲਾ, 18 ਸਤੰਬਰ (ਪ. ਪ) – ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਸਮਰਾਲਾ ਵੱਲੋਂ ਐਸ. ਡੀ. ਐਮ. ਦਫਤਰ ਸਮਰਾਲਾ ਦੇ ਸਾਹਮਣੇ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਵੱਖ ਵੱਖ ਬੁਲਾਰਿਆਂ ਨੇ 5 ਸਤੰਬਰ ਦੀ ਬਠਿੰਡਾ ਰੈਲੀ ਦੌਰਾਨ ਬਠਿੰਡਾ ਪ੍ਰਸ਼ਾਸ਼ਨ ਵੱਲੋਂ 15 ਸਤੰਬਰ 2015 ਨੂੰ ਮੁੱਖ ਮੰਤਰੀ ਨਾਲ ਲਿਖਤੀ ਰੂਪ ਵਿੱਚ ਮੀਟਿੰਗ ਤੈਅ ਕਰਵਾਉਣ ਦੇ ਬਾਵਜੂਦ ਸਰਕਾਰ ਦੀ ਉਪਰੋਕਤ ਮੀਟਿੰਗ ਤੋਂ ਮੁਨਕਰ ਹੋਣ ਦੀ ਕਰੜੀ ਅਲੋਚਨਾ ਕੀਤੀ ਗਈ।ਡੀ. ਟੀ. ਐਫ. ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਸਮਰਾਲਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਸਕੂਲਾਂ ਦੀ ਸਿੱਖਿਆ ਨੀਤੀ ਪ੍ਰਤੀ ਕਿੰਨੀ ਕੁ ਸੰਜੀਦਾ ਹੈ।ਉਨ੍ਹਾਂ ਨੇ ਸਰਕਾਰ ਦੁਆਰਾ ਸਿੱਖਿਆ ਦੇ ਕੀਤੇ ਜਾ ਰਹੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਨਿੰਦਾ ਕਰਦੇ ਹੋਏ ਸਰਕਾਰ ਦੇ ਅਜਿਹੇ ਰਵੱਈਏ ਪ੍ਰਤੀ ਸਖਤ ਨਿੰਦਾ ਕੀਤੀ।ਐਸ. ਐਸ. ਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਮਰਾਲਾ ਨੇ ਦੱਸਿਆ ਕਿ ਐਸ. ਐਸ. ਏ ਰਮਸਾ ਅਧਿਆਪਕਾਂ ਦਾ ਲਗਾਤਾਰ ਪਿਛਲੇ ਸੱਤ ਸਾਲਾਂ ਤੋਂ ਠੇਕੇ ਤੇ ਕੰਮ ਲੈ ਕੇ ਸੋਸ਼ਣ ਕਰਨ, ਹਰ ਸਾਲ ਕੰਨਟਰੈਕਟ ਰੀਨਿਊ ਕਰਨ ਦੀਆਂ ਸਮੱਸਿਆਵਾਂ ਮਹਿਲਾ ਅਧਿਆਪਕਾਂ ਦੀ ਸਿਰਫ ਤਿੰਨ ਮਹੀਨੇ ਦੀ ਪ੍ਰਸੂਤਾ ਛੁੱਟੀ ਦੀ ਸਮੱਸਿਆ ਨੂੰ ਹੱਲ ਨਾ ਕਰਨ ਦਾ ਜਿਕਰ ਕਰਦਿਆਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ ਗਈ।ਬੀ. ਐੱਡ ਫਰੰਟ ਦੇ ਬਲਾਕ ਪ੍ਰਧਾਨ ਹਰਮਨਦੀਪ ਸਿੰਘ ਨੇ ਅਧਿਆਪਕਾਂ ਤੇ ਜਬਰੀ ਮੜੀ ਕੰਨਟਰੀਬਿਊਟਰੀ ਪੈਨਸ਼ਨ ਸਕੀਮ (ਸੀ. ਪੀ. ਐਫ) ਬੰਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਮੰਗ ਕੀਤੀ।ਡੀ. ਟੀ. ਐਫ. ਵੱਲੋਂ ਦਲੀਪ ਸਿੰਘ ਬਲਾਕ ਪ੍ਰਧਾਨ ਨੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣ, ਸਕੂਲਾਂ ਵਿੱਚ ਜਾਣਬੁੱਝ ਵਿਦਿਅਕ ਮਹੌਲ ਖਰਾਬ ਕਰਨ ਦੀ ਚਾਲ ਦਾ ਪਰਦਾ ਪਾਸ਼ ਕੀਤਾ।ਇਸ ਤੋਂ ਇਲਾਵਾ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ, ਰੈਗੂਲਰ ਭਰਤੀ ਅਰੰਭ ਕਰਨ, 10 ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਨਾ ਕਰਨ, 4-9-14 ਪ੍ਰਵੀਨਤਾ ਤਰੱਕੀਆਂ ਤੁਰੰਤ ਬਹਾਲ ਕਰਨ, 42 ਅਤੇ 56 ਬੱਚਿਆਂ ਤੇ ਹਿਸਾਬ ਨਾਲ ਰੈਸ਼ਨੇਲਾਈਜ਼ੇਸ਼ਨ ਰੱਦ ਕਰਕੇ 31 ਬੱਚਿਆਂ ਦੇ ਹਿਸਾਬ ਨਾਲ ਰੈਸ਼ਨੇਲਾਈਜੇਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ।
ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਹਰਮੇਲ ਸਿੰਘ ਬੀ. ਐੱਡ ਫਰੰਟ, ਕੁਲਵੰਤ ਸਿੰਘ ਤਰਕ, ਸਿਕੰਦਰ ਸਿੰਘ ਕਨਵੀਨਰ ਲੋਕ ਸੰਘਰਸ਼ ਕਮੇਟੀ ਸਮਰਾਲਾ, ਅਮਰੀਕ ਸਿੰਘ ਐਸ. ਐਸ. ਏ. ਰਮਸਾ, ਰਜਿੰਦਰ ਸਿੰਘ ਮਾਛੀਵਾੜਾ, ਕੁਲਵੰਤ ਸਿੰਘ ਮਾਛੀਵਾੜਾ, ਸਤਨਾਮ ਸਿੰਘ ਐਲੀਮੈਂਟਰੀ ਟੀਚਰ ਯੂਨੀਅਨ, ਮਨਜੀਤ ਸਿੰਘ ਸਿੱਖਿਆ ਪ੍ਰੋਵਾਈਡਰ ਯੂਨੀ:, ਵਰਿੰਦਰ ਸਿੰਘ 3442 ਅਧਿਆਪਕ ਯੂਨੀਅਨ, ਟੀਟੂ 7654 ਅਧਿਆਪਕ ਯੂਨੀਅਨ, ਨਵਨੀਤ ਕੌਰ, ਮਨਿੰਦਰ ਕੌਰ, ਕਮਲਪ੍ਰੀਤ ਕੌਰ, ਵਰਿੰਦਰ ਸਿੰਘ ਮਾਣਕੀ, ਸੰਦੀਪ ਕੌਰ, ਰਜਿੰਦਰ ਸਿੰਘ ਸਮਰਾਲਾ, ਰਾਮ ਸਿੰਘ ਕਾਲੜਾ, ਬੰਗਾ ਸਿੰਘ, ਰਾਜੇਸ਼ ਕੁਮਾਰ ਆਦਿ ਸ਼ਾਮਲ ਸਨ।
Punjab Post Daily Online Newspaper & Print Media