
ਅੰਮ੍ਰਿਤਸਰ, 18 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ/ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿਚ ਭੌਤਿਕ ਵਿਗਿਆਨ ਦੀ ਖੋਜ ਨਾਲ ਜੋੜਨ ਲਈ ਦੋ ਦਿਨਾਂ ਲੈਕਚਰ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੇਂ ਰੁਝਾਨ ਵਿਸ਼ੇ ‘ਤੇ ਸ਼ੁਰੂ ਹੋਈ ਇਸ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਵੱਲੋਂ ਸਾਂਝੇ ਤੌਰ ‘ਤੇ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਭਾਸ਼ਣਾਂ ਦੀ ਇਹ ਵਿਸ਼ੇਸ਼ ਲੜੀ ਇੰਡੀਅਨ ਅਕੈਡਮੀ ਆਫ ਸਾਇੰਸਜ਼, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਅਤੇ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਵੱਲੋਂ ਸਾਂਝੇ ਤੌਰ ‘ਤੇ ਸਪਾਂਸਰ ਕੀਤਾ ਜਾ ਰਿਹਾ ਹੈ।
ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਭੌਤਿਕ ਵਿਗਿਆਨ ਸਾਧਾਰਣ ਭਾਸ਼ਾ ਵਿਚ ਪੜ੍ਹਾਉਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਵਿਸ਼ੇ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਨਿਕਲ ਸਕੇ।ਉਨ੍ਹਾਂ ਕਿਹਾ ਕਿ ਭੌਤਿਕ ਵਿਸ਼ੇ ਹਰਮਨ ਪਿਆਰਾ ਬਣਾਉਣ ਲਈ ਅਧਿਆਪਕਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਦੇਸ਼ ਅਤੇ ਵਿਦੇਸ਼ ਨਾਲ ਸਾਂਝੇ ਤੌਰ ‘ਤੇ ਖੋਜ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੋਜ ਉਪਕਰਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਮਿਆਰੀ ਖੋਜ ਕਰਨੀ ਚਾਹੀਦੀ ਹੈ।
ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰੀਸਰਚ, ਬੰਬਈ ਦੇ ਪ੍ਰੋਫੈਸਰ ਦੀਪਕ ਧਾਰ ਜੋ ਕਿ ਸ਼ਾਂਤੀ ਸਵਰੂਪ ਭਟਨਾਗਰ ਪ੍ਰਾਈਜ਼ ਇਨ ਫਿਜ਼ਿਕਸ ਦੇ ਵਿਜੇਤਾ ਹਨ ਨੇ ਕੁੰਜੀਵਤ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਫਿਜ਼ਿਕਸ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ।ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਪੈਤਰਿਕ ਦਾਸਗੁਪਤਾ ਨੇ ਰਿਲੇਟੀਵਿਟੀ ਦੀ ਥਿਊਰੀ ਦੀ ਮੌਜੂਦਾ ਖੋਜ ਵਿਚ ਮਹੱਤਤਾ ਬਾਰੇ ਚਾਨਣਾ ਪਾਇਆ।ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਤੋਂ ਡਾ. ਯੋਗੇਸ਼ ਸਿੰਘ ਨੇ ਸਪਿਨ-ਆਰਬਿਟ ਬੇਸਡ ਇੰਸੁਲੇਟਿੰਗ ਮੈਟੀਰੀਅਲ ਅਤੇ ਡਾ. ਪਰਮਦੀਪ ਸਿੰਘ ਨੇ ਫਿਜ਼ਿਕਸ ਵਿਚ ਖੋਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ, ਪ੍ਰੋ. ਰਵੀਚਾਂਦ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਤੋਂ ਪ੍ਰੋਫੈਸਰ ਅਰਵਿੰਦ, ਕਨਵੀਨਰ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਉਦੇਸ਼ਾਂ ‘ਤੇ ਚਾਨਣਾ ਪਾਇਆ।ਵਿਭਾਗ ਦੇ ਡਾ. ਅਨੁਪਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Punjab Post Daily Online Newspaper & Print Media