Wednesday, March 11, 2026

ਪੰਜਾਬ ਦੇ ਵਿਦਵਾਨਾਂ ਤੇ ਖੋਜਾਰਥੀਆਂ ਵਲੋਂ ਡਾ. ਜਸਵੰਤ ਸਿੰਘ ਨੇਕੀ ਨੂੰ ਸ਼ਰਧਾਜਲੀ ਭੇਟ

ਕਿਹਾ ਭਾਈ ਵੀਰ ਸਿੰਘ ਤੋਂ ਬਾਅਦ ਸਾਹਿਤ ਅਤੇ ਚਿੰਤਨ ਦੇ ਆਦਰਸ਼ ਹਨ ਡਾ. ਨੇਕੀ

PPN2609201521ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ) – ਅੱਜ ਇਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਵਿਦਵਾਨਾਂ, ਅਧਿਆਪਕਾਂ, ਅਤੇ ਖੋਜਾਰਥੀਆਂ/ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਮਨੋਵਿਗਿਆਨੀ, ਸਿੱਖ ਚਿੰਤਕ ਅਤੇ ਕਵੀ ਡਾ. ਜਸਵੰਤ ਸਿੰਘ ਨੇਕੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਭਾਈ ਵੀਰ ਸਿੰਘ ਗੁਰਮਤਿ ਕਾਲਜ ਵਿਖੇ ਕੀਤਾ ਗਿਆ। ਇਸ ਮੌਕੇ ਡਾ. ਜਸਵੰਤ ਸਿੰਘ ਨੇਕੀ ਨਮਿਤ ਕੀਰਤਨ ਅਤੇ ਅਰਦਾਸ ਉਪਰੰਤ ਅਕਾਦਮਿਕ ਖੇਤਰ ਦੇ ਵੱਖ-ਵੱਖ ਅਨੁਸ਼ਾਸਨਾਂ ਤੋਂ ਨੁਮਾਇੰਦੇ ਵਜੋਂ ਪਹੁੰਚੀਆਂ ਸ਼ਖਸੀਅਤਾਂ ਅਤੇ ਖੋਜਾਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਡਾ. ਨੇਕੀ ਕੌਮਾਂਤਰੀ ਪੱਧਰ ਦੇ ਚਕਿਤਸਕ ਹੋਣ ਦੇ ਨਾਲ-ਨਾਲ ਸਿੱਖ ਚਿੰਤਨ ਅਤੇ ਸਿਰਜਨਾ ਦੇ ਖੇਤਰ ਵਿਚ ਵੀ ਵਿਸ਼ੇਸ਼ ਸਥਾਨ ਰੱਖਦੇ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਡਾ. ਸ਼ਸ਼ੀ ਬਾਲਾ ਨੇ ਕਿਹਾ ਕਿ ਡਾ. ਨੇਕੀ ਅਨੁਸਾਰ ਕਵਿਤਾ ਅਤੇ ਦਰਸ਼ਨ ਜ਼ਿੰਦਗੀ ਦੇ ਅਨੁਭਵ ਨਾਲੋਂ ਭਿੰਨ ਨਹੀਂ ਹੁੰਦੇ ਅਤੇ ਉਨ੍ਹਾਂ ਅੰਦਰ ਵਿਸ਼ਵ ਵਿਚ ਲਿਖੇ ਜਾ ਰਹੇ ਨਵੇਂ ਸਾਹਿਤ ਨੂੰ ਪੜ੍ਹਨ ਦੀ ਤੀਬਰ ਇੱਛਾ ਰਹਿੰਦੀ ਸੀ ।ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਡਾ. ਨੇਕੀ ਦੂਰ ਦ੍ਰਸ਼ਟਾ ਸ਼ਖਸ਼ੀਅਤ ਦੇ ਮਾਲਿਕ ਸਨ ਅਤੇ ਉਨ੍ਹਾਂ ਦਾ ਸਿਖ ਸਮਾਜ ਵਿਚ ਇਕ ਵਿਲੱਖਣ ਸ਼ਖਸ਼ੀਅਤ ਦੇ ਤੌਰ ਤੇ ਧਰਵਾਸ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਡਾ. ਨੇਕੀ ਦੇ ਜੀਵਨ ਅਤੇ ਨਿੱਜੀ ਅਨੁਭਵਾਂ ਨੂੰ ਹਾਜਰ ਵਿਦਵਾਨਾਂ ਅਤੇ ਖੋਜਾਰਥੀਆਂ ਨਾਲ ਸਾਂਝਾ ਕੀਤਾ। ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਡਾ. ਨੇਕੀ ਨੇ ਧਰਮ ਅਤੇ ਵਿਗਿਆਨ ਦੇ ਅੰਤਰ- ਸੰਬੰਧਾਂ ਨੂੰ ਪਛਾਣਦਿਆਂ ਹੋਇਆਂ ਅਕਾਦਮਿਕਤਾ ਵਿਚ ਖੋਜ ਵਿਧੀ ਅਨੁਸਾਰ ਗੁਰਮਤਿ ਸੰਕਲਪਾਂ ਨੂੰ ਵਿਆਖਿਆ ਅਧੀਨ ਲਿਆਂਦਾ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ. ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਡਾ. ਨੇਕੀ ਨੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿਚ ਵਿਚਰਦਿਆਂ ਸੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੂੰ ਉਸਾਰਨ ਅਤੇ ਸਿਧਾਂਤਕ ਰੂਪ ਵਿਚ ਪ੍ਰਦਾਨ ਕਰਨ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਨੇਕੀ ਦੀ ਹਰ ਖੇਤਰ ਵਿਚ ਅਗਵਾਈ ਨੂੰ ਵਿਭਿੰਨ ਸੰਸਥਾਂਵਾਂ ਨੇ ਕਬੂਲਿਆ ਹੈ। ਸਰਕਾਰੀ ਕਾਲਜ ਅਜਨਾਲਾ ਦੇ ਪ੍ਰਿੰਸੀਪਲ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਡਾ. ਨੇਕੀ ਵਿਭਿੰਨ ਖੇਤਰਾਂ ਦੇ ਅਧਿਕਾਰੀ ਵਿਦਵਾਨ ਸਨ ਜਿਨ੍ਹਾਂ ਦੀ ਸਿਮਰਤੀ ਭਾਈ ਵੀਰ ਸਿੰਘ ਵਾਂਗ ਪੰਜਾਂ ਪਾਣੀਆਂ ਵਿਚ ਸਦੀਵੀ ਤੌਰ ‘ਤੇ ਵਸੀ ਰਹੇਗੀ।
ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਵਿਭਿੰਨ ਅਨੁਸ਼ਾਸ਼ਨ ਇਕ ਦੂਜੇ ਨਾਲ ਜੁੜੇ ਰਹਿਣੇ ਚਾਹੀਦੇ ਹਨ। ਡਾ. ਨੇਕੀ ਨੇ ਆਪਣੇ ਚਿੰਤਨ ਅਤੇ ਜਵਿਨ ਵਿਚ ਇਹ ਇਸ਼ਾਰੇ ਦਿੱਤੇ ਹਨ। ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਤੋਂ ਸਹਾਇਕ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਡਾ. ਜਸਵੰਤ ਸਿੰਘ ਨੇਕੀ ਨੇ ਵਿਸ਼ਵ ਰਹੱਸਮਈ ਅਨੁਭਵ ਵਿਚ ਆਪਣੇ ਅਨੁਭਵ ਰਾਹੀਂ ਜਿਹੜਾ ਸਿਰਜਣਾਤਮਕ ਮੁਹਾਵਰਾ ਸਿਰਜਿਆ ਉਸ ਮੁਹਾਵਰੇ ਵਿਚ ਅਦ੍ਰਿਸ਼ਟ ਸੰਸਾਰ ਦੇ ਇਸ਼ਾਰੇ ਪ੍ਰਗਤੀਵਾਦ, ਪ੍ਰਯੋਗਵਾਦ ਅਤੇ ਮਨੁੱਖੀ ਅਸਤਿੱਤਵ ਦੀਆਂ ਦਿਸ਼ਾਵਾਂ ਸਾਹਮਣੇ ਨਵ-ਰਹੱਸਵਾਦ ਦੇ ਨਿਵੇਕਲੇ ਕਾਵਿ-ਸ਼ਾਸ਼ਤਰ ਨੂੰ ਪੰਜਾਬੀ ਸਾਹਿਤ ਵਿਚ ਉਤਾਰਦੇ ਹਨ। ਹਰਪਾਲ ਸਿੰਘ ਨੇ ਕਿਹਾ ਕਿ ਡਾ. ਨੇਕੀ ਭਾਈ ਵੀਰ ਸਿੰਘ ਤੋਂ ਬਾਅਦ ਸਿਰਜਣਾਤਮਕਤਾ, ਰਹੱਸਵਾਦੀ ਅਨੁਭਵ ਅਤੇ ਸਾਧਨਾ ਪੱਖ ਨੂੰ ਗਿਆਨ-ਵਿਗਿਆਨ ਦੀ ਸੁਮੇਲਤਾ ਨਾਲ ਵਿਆਖਿਆ ਸ਼ਾਸ਼ਤਰ ਵਿਚ ਪ੍ਰਸਤੁਤ ਕਰਨ ਵਾਲੀ ਪ੍ਰਮੁਖ ਸ਼ਖਸ਼ੀਅਤ ਸਨ।
ਭਾਈ ਵੀਰ ਸਿੰਘ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਹਲ, ਸ. ਜੋਗਿੰਦਰ ਆਜ਼ਾਦ ਤੋਂ ਇਲਾਵਾ ਹੋਰਨਾਂ ਵਿਦਵਾਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਆਏ ਵਿਦਵਾਨਾਂ ਤੇ ਖੋਜਾਰਥੀਆਂ ਡਾ. ਨੇਕੀ ਇਕ ਅਨੁਭਵੀ ਸ਼ਖਸ਼ੀਅਤ ਸਨ ਅਤੇ ਉਨ੍ਹਾਂ ਦਾ ਵਿਅਕਤੀਤਵ ਵਿਭਿੰਨ ਪੱਖਾਂ ਤੋਂ ਵਿਲੱਖਣਤਾ ਦਾ ਧਾਰਨੀ ਸੀ। ਉਨ੍ਹਾਂ ਕਿਹਾ ਕਿ ਡਾ. ਨੇਕੀ ਨੇ ਜਿਸ ਵੀ ਖੇਤਰ ਵਿਚ ਕੰਮ ਕੀਤਾ ਉਹ ਉਸ ਨੂੰ ਬੁਲੰਦੀਆਂ ਤੱਕ ਲੈ ਗਏ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਲਈ ਵਿਸ਼ਵ ਦੀਆਂ ਚਿੰਤਨ ਪ੍ਰੰਪਰਾਵਾਂ ਨੂੰ ਪੜ੍ਹਨ ਅਤੇ ਉਸਦੀ ਸਮਝ ਰੱਖਣੀ ਜਰੂਰੀ ਹੈ। ਡਾ. ਨੇਕੀ ਨੇ ਅਕਾਦਮਿਕਤਾ ਵਿਚ ਅਨੁਭਵ ਅਤੇ ਰਹੱਸ ਨੂੰ ਇਕ ਖਾਸ ਥਾਂ ਪ੍ਰਦਾਨ ਕੀਤੀ। ਪ੍ਰੋ. ਪੂਰਨ ਸਿੰਘ ਤੋਂ ਬਾਅਦ ਡਾ. ਨੇਕੀ ਨੇ ਸਿਖ ਚਿੰਤਨ ਵਿਚ ਸੰਕਲਪਿਕ ਅਧਿਐਨ ਕੀਤਾ।  ਸੰਸਥਾ ਦੇ ਖੋਜਾਰਥੀਆਂ ਨੇ ਦੱਸਿਆ ਕਿ ਡਾ. ਨੇਕੀ ਦੀ ਸ਼ਖਸੀਅਤ ਅਤੇ ਉਨ੍ਹਾਂ ਦੁਆਰਾ ਰਚਿਤ ਸਾਹਿਤ ਵਿਚ ਇਕ ਸਭਿਅਤਾ ਨੂੰ ਸਜੀਵ ਰੱਖਣ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੀ ਸਿਰਜਣਾ ਵਿਚ ਉਨ੍ਹਾਂ ਦੇ ਕੋਇਟਾ-ਪਿਸ਼ਾਵਰ ਦੇ ਅਫ਼ਗਾਨੀ ਪਿਛੋਕੜ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਦਾ ਸਮਾਜਿਕ-ਸਭਿਆਚਾਰਕ ਸੁਹਜ ਕੁਦਰਤੀ ਰੂਪ ਨਾਲ ਉਸਦੀ ਚੇਤਨਾ ਦਾ ਹਿੱਸਾ ਰਿਹਾ ਹੈ। ਭਾਈ ਵੀਰ ਸਿੰਘ ਤੋਂ ਬਾਅਦ ਡਾ. ਨੇਕੀ ਨੇ ਅਕਾਦਮਿਕ ਅਭਿਆਸ ਵਿਚ ਅਧਿਆਤਮਿਕ ਅਨੁਭਵ ਨੂੰ ਸ਼ਾਮਿਲ ਕਰਵਾਇਆ ਹੈ। ਇਸ ਮੌਕੇ ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਬਿਕਰਮਜੀਤ ਸਿੰਘ ਫਤਹਿਗੜ੍ਹ ਸਾਹਿਬ, ਡਾ. ਮਨਜਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨਰਿੰਗ ਕਾਲਜ, ਫਤਹਿਗੜ੍ਹ ਸਾਹਿਬ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਹੋਰ ਅਕਾਦਮਿਕ ਖੇਤਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਨੇ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply