
ਅੰਮ੍ਰਿਤਸਰ 29 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ 2 ਦਸੰਬਰ ਤੋਂ ਦਿੱਲੀ ਤੋਂ ਸਾਨਫਰਾਂਸਿਸਕੋ ਲਈ ਸ਼ੁਰੂ ਕੀਤੀ ਜਾ ਰਹੀ ਏਅਰ ਇੰਡੀਆ ਦੀ ਸਿੱਧੀ ਉਡਾਣ ਦਾ ਸੁਆਗਤ ਕਰਦੇ ਹੋਏ, ਇਸ ਨੂੰ ਅੰਮ੍ਰਿਤਸਰ ਨਾਲ ਜੋੜਨ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਅਸ਼ੋਕ ਰਾਜਪੱਤੀ ਰਾਜੂ ਨੂੰ ਲਿਖੇ ਪੱਤਰ ਵਿਚ ਗੁਮਟਾਲਾ ਨੇ ਕਿਹਾ ਕਿ ਇਸ ਉਡਾਣ ਦਾ ਐਲਾਨ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਸਾਨਫਰਾਂਸਿਸਕੋ ਫੇਰੀ ਸਮੇਂ ਕੀਤਾ ਗਿਆ ਸੀ।ਇਸ ਉਡਾਣ ਦਾ ਲਾਭ ਕੈਲੀਫੋਰਨੀਆ ਸੂਬੇ ਤੋਂ ਇਲਾਵਾ ਇਸ ਦੇ ਆਸ ਪਾਸ ਦੇ ਸੂਬਿਆਂ ਅਤੇ ਨਾਲ ਲੱਗਦੇ ਕੈਨੇਡਾ ਦੇ ਸੂਬਿਆਂ ਵਿਚ ਰਹਿੰਦੇ ਪੰਜਾਬੀਆਂ ਨੂੰ ਹੋਵੇਗਾ।ਪਰ ਇਸ ਦਾ ਅੰਮ੍ਰਿਤਸਰ ਨਾਲ ਕੁਨੈਕਸ਼ਨ ਨਹੀਂ ਦਿੱਤਾ ਗਿਆ ਜਦ ਕਿ ਇਸ ਉਡਾਣ ਵਿਚ ਸਭ ਤੋਂ ਵੱਧ ਸੁਆਰੀਆਂ ਪੰਜਾਬ ਦੀਆਂ ਹੋਣੀਆਂ ਹਨ।ਹੈਰਾਨੀ ਵਾਲੀ ਗਲ ਹੈ ਕਿ ਇਸ ਨੂੰ ਹੋਰ ਸ਼ਹਿਰਾਂ ਜਿਵੇਂ ਬੰਗਲਾਰੂ, ਮੁਬੰਈ, ਚੈਨਈ, ਹੈਦਰਾਬਾਦ, ਕੋਚੀ, ਅਹਿਮਦਾਬਾਦ ਅਤੇ ਪੂਨੇ ਨਾਲ ਦਿੱਲੀ ਤੋਂ ਆਉਣ ਤੇ ਜਾਣ ਦੇ ਸਿੱਧੇ ਕੁਨੈਕਸ਼ਨ ਦੇ ਦਿੱਤੇ ਹਨ ਪਰ ਅੰਮ੍ਰਿਤਸਰ ਨੂੂੰ ਛੱਡ ਦਿੱਤਾ ਗਿਆ ਹੈ।ਮੰਚ ਦੀ ਮੰਗ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਲਈ ਸਵੇਰੇ ਇਕ ਵਿਸ਼ੇਸ਼ ਉਡਾਣ ਸ਼ੁਰੂ ਕੀਤੀ ਜਾਵੇ ਜੋ ਇਸ ਉਡਾਣ ਦੇ ਜਾਣ ਸਮੇਂ ਸਵਾਰੀਆਂ ਅੰਮ੍ਰਿਤਸਰ ਤੋਂ ਦਿੱਲੀ ਖੜੇ।ਇਸੇ ਤਰ੍ਹਾਂ ਜਦ ਇਹ ਉਡਾਣ ਅਮਰੀਕਾ ਤੋਂ ਦਿੱਲੀ ਸ਼ਾਮ ਨੂੰ ਆਵੇ ਤਾਂ ਇਕ ਵਿਸ਼ੇਸ਼ ਉਡਾਣ ਸ਼ੁਰੂ ਕੀਤੀ ਜਾਵੇ ਜੋ ਸਵਾਰੀਆਂ ਨੂੰ ਅੰਮ੍ਰਿਤਸਰ ਲੈ ਕੇ ਆਵੇ ਤਾਂ ਜੋੇ ਉਨ੍ਹਾਂ ਨੂੰ ਦਿੱਲੀ ਖ਼ਜਲ ਖੁਆਰ ਨਾ ਹੋਣਾ ਪਵੇ।
Punjab Post Daily Online Newspaper & Print Media