
ਅੰਮ੍ਰਿਤਸਰ 30 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆਂ) – ਕਿਸੇ ਵੀ ਧਰਤੀ ਦੇ ਮੌਲਿਕ ਸਾਹਿਤ ਤੇ ਚਿੰਤਨ ਪ੍ਰਬੰਧਾਂ ਨੂੰ ਉਥੋਂ ਦੀਆਂ ਮੌਲਿਕ ਖੋਜ ਪਹੁੰਚ ਵਿਧੀਆਂ ਰਾਹੀਂ ਹੀ ਠੀਕ ਰੂਪ ਵਿਚਸਮਝਿਆ ਜਾਣਾ ਚਾਹੀਦਾ ਹੈ। ਇਸ ਸਮੇਂ ਪੂਰਬੀ ਗਿਆਨ ਪਰੰਪਰਾਵਾਂ ਪੱਛਮੀ ਖੋਜ ਵਿਧੀਆਂ ਦੇ ਨੁਕਤਾ ਨਿਗਾਹ ਤੋਂ ਹੀ ਪ੍ਰਭਾਸ਼ਿਤ ਹੋਣ ਕਰਕੇ ਉਨ੍ਹਾਂ ਦਾ ਅੰਤਰ-ਸਭਿਆਚਾਰਕ ਸੰਵਾਦ ਵਾਲਾ ਗਿਆਨਮਈ ਰੂਪ ਉਜਾਗਰ ਨਹੀਂ ਹੋ ਰਿਹਾ। ਪੂਰਬੀ ਖੋਜ ਸੰਦਾਂ ਦੀ ਉਸਾਰੀ ਹਿਤ ਪੁਸਤਕ ਸਭਿਆਚਾਰ ਪੈਦਾ ਹੋਣਾ ਇਕ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਲਈ ਪਰੰਪਰਾਗਤ ਸੱਚ ਦਾ ਗਿਆਨ ਸ਼ਾਸਤਰੀ ਪਰਿਪੇਖ ਉਸਾਰਨ ਹਿਤ ਪੂਰਬ ਦੀਆਂ ਯੂਨੀਵਰਸਿਟੀਆਂ ਨੂੰ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਗੰਭੀਰ ਹੋਣਾ ਪਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ, ਡਾ. ਬਲਕਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਬੇਕ ਦਾ ਪ੍ਰਗਾਸੁ ਅਤੇ ਪੂਰਬੀ ਗਿਆਨ ਸਰੰਚਨਾ ਦਾ ਸੰਗਤੀ ਰੂਪ ਵਿਸ਼ੇ ‘ਤੇ ਅਕਾਦਮਿਕ ਭਾਸ਼ਣ ਮੌਕੇ ਕੀਤਾ। ਇਹ ਅਕਾਦਮਿਕ ਭਾਸ਼ਣ ਗੁਰਦੁਆਰਾ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਤੇ ਯੂਨੀਵਰਸਿਟੀ ਵਿੱਚ ਨਵੇਂ ਆਏ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ 29ਵਾਂ ਸਾਲਾਨਾ ਗੁਰਮਤਿ ਸਮਾਗਮ (‘ਜੀ ਆਇਆਂ ਨੂੰ ਸਮਾਗਮ’) ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਕੀਰਤਨ ਪਰੰਪਰਾ, ਵਿਸ਼ਵ ਚਿੰਤਨ, ਸਿੱਖ ਕਲਾ, ਸਾਹਿਤ, ਸੁਹਜ, ਵਿਰਾਸਤ, ਆਰਕੀਟੈਕਚਰ ਅਤੇ ਇਤਿਹਾਸ ਰਾਹੀਂ ਸਿੱਖ ਉਤਸਵ ਪਰੰਪਰਾ ਦੇ ਨੈਣ-ਨਕਸ਼ ਮੁੜ ਪ੍ਰਭਾਸ਼ਿਤ ਕਰਨ ਦਾ ਯਤਨ ਕੀਤਾ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਅਜੋਕੀ ਅਕਾਦਮਿਕ ਕਸਰਤ ਇਤਿਹਾਸ ਦੇ ਲਕੀਰੀ ਪਸਾਰਾਂ ਵਾਲੀ ਸਮਝ ਅਤੇ ਮੱਧਵਰਤੀ ਰਾਜਨੀਤਿਕ ਪਰਾਪੇਗੰਡਾ ਰਾਹੀਂ ਪ੍ਰਭਾਵਿਤ ਹੁੰਦੀ ਆਈ ਹੈ। ਸ਼ਬਦ ਦਾ ਪ੍ਰਕਾਸ਼ ਹੀ ਇਸ ਨੂੰ ਇਸ ਜਿੱਲਣ ਵਿਚੋਂ ਕੱਢ ਸਕਦਾ ਹੈ ਅਤੇ ਇਤਿਹਾਸਕ ਦਿੱਬਤਾ ਕੇਵਲ ਇਸ ਦੀ ਪ੍ਰੇਰਣਾ ਬਣ ਸਕਦੀ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਡਾ. ਕੇਹਰ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿਖਿਆ ਬੋਰਡ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬੀਬੀ ਕਿਰਨਜੋਤ ਕੌਰ, ਡਾ. ਗੁਲਜ਼ਾਰ ਸਿੰਘ ਕੰਗ, ਡਾ. ਜਸਵਿੰਦਰ ਕੌਰ ਮਾਹਲ, ਭਾਈ ਜਸਬੀਰ ਸਿੰਘ, ਭਾਈ ਘਨੱਈਆ ਟ੍ਰਸਟ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਪ੍ਰਸਿੱਧ ਅਕਾਦਮਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਵਿਚਾਰ ਪੇਸ਼ ਕੀਤੇ। ਇਹ ਸਮਾਗਮ ਸਮੂਹ ਸੰਗਤ, ਯੂਨੀਵਰਸਿਟੀ ਪ੍ਰਸ਼ਾਸਨ, ਸਾਰਾ ਅਧਿਆਪਕੀ ਤੇ ਗੈਰ-ਅਧਿਆਪਕੀ ਅਮਲਾ, ਖੋਜਾਰਥੀ, ਵਿਦਿਆਰਥੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਭਾਈ ਸਤਨਾਮ ਸਿੰਘ, ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਦੇ ਗੁਰਬਾਣੀ ਕੀਰਤਨ ਤੋਂ ਇਲਾਵਾ ਪ੍ਰੋ. ਅਵਤਾਰ ਸਿੰਘ ‘ਬੋਦਲ’ ਨੇ ਬੋਦਲ ਘਰਾਣੇ ਦੀ ਆਦਿ ਕੀਰਤਨ ਮਰਿਯਾਦਾ ਵਿਚ ਕੀਰਤਨ ਕਰਦਿਆਂ ਸਿੱਖ-ਇਸਲਾਮਿਕ ਸਕੂਲ ਆਫ ਮਿਊਜ਼ਿਕ ਤਹਿਤ ਮਰਿਯਾਦਾਮਈ ਸੂਫੀਅਤ ਅਤੇ ਸ਼ਬਦ ਦੇ ਵਿਸਮਾਦ ਨੂੰ ਇਕੱਠਿਆਂ ਹੀ ਇਸ ਨਿਵੇਕਲੀ ਸਿੱਖ ਉਤਸਵ ਪਰੰਪਰਾ ਨੂੰ ਅਲੰਕ੍ਰਿਤ ਕੀਤਾ। ਇਸ ਮੌਕੇ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਕਲਾਸਕੀ ਅਤੇ ਆਧੁਨਿਕ ਭਾਸ਼ਾਵਾਂ ਕੇਂਦਰ ਤੋਂ ਸਹਾਇਕ ਪ੍ਰੋਫ਼ੈਸਰ, ਡਾ. ਰਮਨਪ੍ਰੀਤ ਕੌਰ ਨੂੰ ਭਾਈ ਵੀਰ ਸਿੰਘ ਸ਼ਬਦ-ਚਿੰਤਨ ਯੁਵਾ ਸਨਮਾਨ ਗੁਰਮਤਿ ਚਿੰਤਨ, ਭਾਸ਼ਾ ਅਤੇ ਸਾਹਿਤ ਅਧਿਐਨ ਦੇ ਖੇਤਰ ਵਿਚ ਖੋਜ ਕਾਰਜ ਕਰਨ ਲਈ ਅਤੇ ਪੰਜਾਬ ਦੀ ਅਕਾਦਮਿਕਤਾ ਵਿਚ ਅਜਿਹੇ ਅਮਲਾਂ ਨੂੰ ਵਧੇਰੇ ਉਤਸ਼ਾਹਿਤ ਕਰਨ ਦੀ ਸੰਭਾਵਨਾ ਬਣਾਉਣ ਹਿਤ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਬਾਰੇ ਦੱਸਦਿਆਂ ਗੁਰਦੁਆਰਾ ਸਾਹਿਬ ਦੇ ਨੁਮਾਂਇੰਦਿਆਂ ਨੇ ਦੱਸਿਆ ਕਿ ਇਹ ਸਨਮਾਨ ਦੀ ਖੁੱਲ੍ਹੀ ਹੋਈ ਕਾਰ ਵਾਂਗ ਵਿਗਸਦੇ ਅਤੇ ਮਉਲਦੇ ਰਾਹਾਂ ਵਿੱਚ ਸਿੱਖ-ਅਨੁਭਵ ਵਾਲੀ ਚਿੰਤਨ ਪ੍ਰੰਪਰਾ ਦੀਆਂ ਪਗਡੰਡੀਆਂ ਤਰਾਸ਼ਦਿਆਂ ਪੂਰਵੀ ਚਿੰਤਨ ਨੂੰ ਉਸਦੀ ਮੌਲਿਕਤਾ ਸਮੇਤ ‘ਸ਼ਬਦ’ ਦੀ ਸੇਵਾ ਵਿੱਚ ਕਿਰਿਆਸ਼ੀਲ ਰੱਖਣ ਵੱਲ ਰੁਚਿਤ ਯੁਵਾ ਚਿੰਤਕਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਯੂਨੀਵਰਸਿਟੀ ਵਿੱਚ ਨਵੇਂ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਦੇ ਮੁਬਾਰਿਕ ਮੌਕੇ ਉੱਤੇ ਭੇਂਟ ਕੀਤਾ ਜਾਂਦਾ ਹੈ। ਇਸ ਮੌਕੇ ਲਾਈ ਗਈਆਂ ਵਿਸ਼ੇਸ਼ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ ਜਿਨ੍ਹਾਂ ਵਿਚ ਨਾਦ-ਪ੍ਰਗਾਸ, ਸ੍ਰੀ ਅੰਮ੍ਰਿਤਸਰ ਵੱਲੋਂ ਵਿਸ਼ਵ ਦੇ ਚੋਣਵੇਂ ਸਾਹਿਤ ਦੀ ਪ੍ਰਦਰਸ਼ਨੀ; ਭਾਈ ਵੀਰ ਸਿੰਘ ਗੁਰਮਤਿ ਕਾਲਜ (ਚੀਫ਼ ਖ਼ਾਲਸਾ ਦੀਵਾਨ), ਸ੍ਰੀ ਅੰਮ੍ਰਿਤਸਰ ਵੱਲੋਂ ਆਦਿ ਕੀਰਤਨ ਪਰੰਪਰਾ ਸੰਬੰਧੀ ਤੰਤੀ ਸਾਜ਼ਾਂ ਦੀ ਪ੍ਰਦਰਸ਼ਨੀ; ਡਾ. ਬਲਵਿੰਦਰ ਸਿੰਘ (ਪ੍ਰੋਫ਼ੈਸਰ, ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਖ-ਭਵਨ ਨਿਰਮਾਣ ਕਲਾ ਅਤੇ ਵਿਰਾਸਤ ਬਾਰੇ ਚਿੱਤਰ ਪ੍ਰਦਰਸ਼ਨੀ; ਸ. ਹਰਦੀਪ ਸਿੰਘ, ਕੈਲੀਗ੍ਰਾਫ਼ਿਸਟ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ-ਕੈਲੀਗ੍ਰਾਫ਼ੀ ਬਾਰੇ ਪ੍ਰਦਰਸ਼ਨੀ; ਨਰਿੰਦਰ ਸਿੰਘ, ਵੁੱਡਆਰਟਿਸਟ, ਸਿੱਖ-ਵੁੱਡ ਆਰਟਸ ਬਾਰੇ ਪ੍ਰਦਰਸ਼ਨੀ; ਤੇਜਿੰਦਰ ਸਿੰਘ, ਅਕਾਲ ਗਤਕਾ ਸਟੋਰ, ਸਿੱਖ-ਸ਼ਸਤਰਾਂ ਬਾਰੇ ਪ੍ਰਦਰਸ਼ਨੀ; ਮਨਪ੍ਰੀਤ ਸਿੰਘ (ਖੋਜਾਰਥੀ, ਧਰਮ-ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਵੱਲੋਂ ਸਿੱਖ-ਫੋਟੋਗ੍ਰਾਫ਼ੀ ਬਾਰੇ ਪ੍ਰਦਰਸ਼ਨੀ; ਹਰਨਵਬੀਰ ਸਿੰਘ (ਲੁਧਿਆਣਾ), ਮਨਪ੍ਰੀਤ ਸਿੰਘ (ਸੋਨੀਪਤ) ਅਤੇ ਸ਼ਰਨ ਆਰਟ (ਮੰਡੀ ਗੋਬਿੰਦਗੜ੍ਹ) ਸ਼ਾਮਿਲ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media