ਸਰਕਾਰੀ ਸਕੂਲ ਮਾਲ ਰੋਡ ਵਿਖੇ ਅਨਿਲ ਜੋਸ਼ੀ ਵਲੋਂ 1300 ਵਿਦਿਆਰਥਣਾਂ ਨੂੰ ਵੰਡੇ ਸਾਈਕਲ

ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਮਾਈ ਭਾਗੋ ਸਕੀਮ ਤਹਿਤ ‘ਸਾਈਕਲ ਵੰਡ ਸਮਾਰੋਹ’ ਮੌਕੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ 1300 ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਕੈਬਨਿਟ ਮੰਤਰੀ ਮੈਡਿਕਲ ਸਿੱਖਿਆ ਸਥਾਨਕ ਸਰਕਾਰਾਂ ਅਨਿਲ ਜੋਸ਼ੀ ਵਲੋਂ ਸਾਈਕਲ ਮੁਹੱਈਆ ਕੀਤੇ ਗਏ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਦੀ ਰਹਿਨੁਮਾਈ ਹੇਂਠ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਮੌੋਕੇ ਅਨਿਲ ਜੋਸ਼ੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੜਕੀਆਂ ਨੂੰ ਵਿੱਦਿਆ ਪ੍ਰਤੀ ਰੁਚਿਤ ਕਰਨਾ ਅਕਾਲੀ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਹੈ ਇਸੇ ਲਈ ਸਰਕਾਰ ਨੇ ਪੜ੍ਹਾਈ ਪ੍ਰਤੀ ਲੜਕੀਆਂ ਦਾ ਰੁਝਾਣ ਵਧਾਉਣ ਲਈ ਮਾਈ ਭਾਗੋ ਸਾਈਕਲ ਸਕੀਮ ਸ਼ੁਰੂ ਕੀਤੀ ਹੈ, ਜਿਹੜੀ ਲੋੜਵੰਦ ਵਿਦਿਆਰਥਣਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਇਹ ਸਿਲਸਲਾ ਅਗਾਂਹ ਵੀ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਸਕੂਲ ਆਡੀਟੋਰੀਅਮ ਬਣਵਾੳਂਣ ਲਈ ਗਰਾਂਟ ਦੇਣ ਦਾ ਯਕੀਨ ਦਿਵਾਇਆ ਅਤੇ ਕਿਹਾ ਮਾਲ ਰੋਡ ਸਕੂਲ ਨੂੰ ਆਰਥਿਕ ਤੌਰ ਤੇ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਜੋਸ਼ੀ ਵਲੋਂ ਸਕੂਲ ਦੀ ਵਾਲੀਬਾਲ ਗਰਾਊਂਡ, ਮੈਥ ਪਾਰਕ ਅਤੇ ਵਰਮੀਕੱਮਪੋਜ਼ਟਿੰਗ ਪ੍ਰੋਜੇਕਟ ਦਾ ਉਦਘਾਟਨ ਵੀ ਕੀਤਾ ਗਿਆ। ਮੇਅਰ ਬਖਸ਼ੀ ਰਾਮ ਅਰੋੜਾ ਨੇ ਸਵੱਛ ਭਾਰਤ ਅਭਿਆਨ ਨੂੰ ਅਗਾਂਹ ਵਧਾਉਂਦਿਆਂ ਵਿਦਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਮਿਸ਼ਨਰ ਕੋਰਪੋਰੇਸ਼ਨ ਪਰਦੀਪ ਸਭਰਵਾਲ ਨੇ ਵਿਦਿਆਰਥਣਾਂ ਨੂੰ ਸੱਵਛ ਭਾਰਤ ਅਭਿਆਨ ਉੱਤੇ ਚਾਣਨਾ ਪਾਇਆ। ਇਸ ਉਪਰੰਤ ਜੋਸ਼ੀ ਵਲੋਂ ਨਗਰ ਨਿਗਮ ਕਮਿਸ਼ਨਰ ਪਰਦੀਪ ਸਭਰਵਾਲ ਦੇ ਸਹਿਯੋਗ ਨਾਲ 2500 ਵਿਦਿਆਰਥੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ ਗਈ ਅਤੇ ਸਵੱਛ ਭਾਰਤ ਅਭਿਆਨ ਤਹਿਤ ਰੈਲੀ ਨੂੰ ਹਰੀ ਝੰਡੀ ਵੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਖ਼ਸਰ (ਸੈ. ਸੀ) ਸਤਿੰਦਰਬੀਰ ਸਿੰਘ ਨੇ ਕਿਹਾ ਕਿ ਮਾਈ ਭਾਗੋ ਸਕੀਮ ਅਧੀਨ ਵਿਦਿਆਰਥਣਾਂ ਨੂੰ ਸਾਈਕਲ ਦੇਣ ਦਾ ਮੁੱਖ ਮੰਤਵ ਉਨ੍ਹਾਂ ਨੂੰ ਉਚੇਰੀ ਸਿੱਖਿਆ ਦੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਪੜਾਈ ਮੁਕੰਮਲ ਕਰਨ ਉਪਰੰਤ ਬੱਚੀਆਂ ਪੜਾਈ ਨੂੰ ਆਪਣੇ ਚੋਣਵੇਂ ਖੇਤਰ ਵਿਚ ਜਾਰੀ ਰੱਖਣ ਅਤੇ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾਉਣ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਉਪਰੰਤ ਸ਼ਬਦ ਗਾਇਨ ਨਾਲ ਹੋਈ। ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ‘ਚ ਕੋਰੀਓਗਰਾਫੀ ਤੇ ਪੰਜਾਬ ਦਾ ਅਮਰ ਲੋਕਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਪੀ. ਕੇ. ਗੋਇਲ, ਰਾਕੇਸ਼ ਮਿੰਟੂ, ਸੁਧੀਰ, ਡੀਈਓ ਸਤਿੰਦਰਬੀਰ ਸਿੰਘ, ਜ਼ਿਲ੍ਹਾ ਐਜੂਸੈਟ ਕੋਆਰਡੀਨੇਟਰ ਜਸਬੀਰ ਸਿੰਘ ਨੇ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਣ ਜਤਿੰਦਰ ਕੌਰ ਤੇ ਪ੍ਰੀਤਇੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਰਾਜਪਾਲ, ਕਮਲ ਅਰੋੜਾ, ਮੋਹਿੰਦਰਪਾਲ, ਪਰਮ ਆਫਤਾਬ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਮੋਹਕਮ ਸਿੰਘ, ਵਿਜੈਪਾਲ ਸਿੰਘ, ਰਸ਼ਮੀ ਬਿੰਦਰਾ, ਰਮਨ ਕਾਲੀਆ ਆਦਿ ਹਾਜ਼ਰ ਸਨ।
Punjab Post Daily Online Newspaper & Print Media