14 ਨਵੰਬਰ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਹੋਵੇਗੀ ਨੌਜਵਾਨਾਂ ਦੀ ਇਤਿਹਾਸਕ ਰੈਲੀ

ਛੇਹਰਟਾ, 3 ਅਕਤੂਬਰ (ਸੁਖਬੀਰ ਖੁਰਮਨੀਆ) ਪੰਜਾਬ ਦੀਆਂ ਦੋ ਸੰਘਰਸ਼ਸੀਲ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਫਰੇਸ਼ਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੇ 100ਵੇਂ ਸ਼ਹੀਦੀ ਸ਼ਤਾਬਦੀ ਦਿਵਸ ਨੂੰ ਸਮਰਪਿਤ ‘ਜਾਗ ਜਵਾਨਾ ਜਾਗ ਚੱਲ ਜਲ੍ਹਿਆਂਾ ਵਾਲੇ ਬਾਗ’ ਮੁਹਿੰਮ ਤਹਿਤ 14 ਨਵੰਬਰ ਨੂੰ ਜਲ੍ਹਿਆਂ ਵਾਲੇ ਬਾਗ ਵਿਖੇ ਕੀਤੇ ਜਾ ਰਹੇ ਵਿਸ਼ਾਲ ਨੌਜਵਾਨ ਵਿਦਿਆਰਥੀ ਇੱਕਠ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆ ਸਭਾ ਦੇ ਸੂਬਾ ਸਕੱਤਰ ਮਨਦੀਪ ਰਤੀਆ, ਪੀ.ਐਸ.ਐਫ ਦੇ ਸਕੱਤਰ ਅਜੈ ਫਿਲੌਰ, ਸੂਬਾਈ ਆਗੂ ਸਰਬਜੀਤ ਸਿੰਘ ਹੈਰੀ, ਹਰਿਆਣਾ ਦੇ ਸੂਬਾਈ ਆਗੂ ਨਿਰਭੈ ਰਤੀਆ, ਅਮਨ ਰਤੀਆ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਦੇ ਸ਼ਹੀਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 14 ਨਵੰਬਰ ਦੀ ਜਲ੍ਹਿਆ ਵਾਲਾ ਬਾਗ ਰੈਲੀ ਤੱਕ ਨੌਜਵਾਨ ਵਿਦਿਆਰਥੀਆਂ ਦੀ ਵੱਡੀ ਪੱਧਰ ‘ਤੇ ਲਾਮਬੰਦੀ ਕੀਤੀ ਜਾਵੇਗੀ, ਜਿਸ ਦੀ ਕੜੀ ਤਹਿਤ ਪੰਜਾਬ ਭਰ ਵਿੱਚ ਝੰਡਾ ਮਾਰਚ ਬਾਬਾ ਸੋਹਣ ਸਿੰਘ ਭਕਨੇ ਦੀ ਸਮਾਧ ਤੋਂ ਚਲਾ ਕੇ ਸਾਰੇ ਪੰਜਾਬ ਵਿਚ ਲੈ ਕੇ ਜਾਇਆ ਜਾਵੇਗਾ। ਇਸ ਦੇ ਨਾਲ ਨਾਲ ਪੰਜਾਬ ਭਰ ਦੇ ਪਿੰਡਾਂ ਵਿਚ ਜਲਸੇ ਕੀਤੇ ਜਾਣਗੇ।14 ਨਵੰਬਰ ਨੂੰ ਜਲਿਆਂ ਵਾਲੇ ਬਾਗ ਦੀ ਧਰਤੀ ਤੇ ਇਕ ਇਤਿਹਾਸਕ ਇਕੱਠ ਕੀਤਾ ਜਾਵੇਗਾ ਜੋ ਪੰਜਾਬ ਦੀ ਜਵਾਨੀ ਨੂੰ ਇਕ ਨਵੀਂ ਸਿਹਤ ਦੇਵੇਗਾ।ਉਨ੍ਹਾਂ ਦੱਸਿਆ ਦੇਸ਼ ਦੇ ਹਾਕਮ ਵੱਲੋਂ ਲਾਗੂ ਕੀਤੀਆਂ ਜਾਂ ਰਹੀਆਂ ਨਵ ਉਦਾਰਰਵਾਦੀ ਨੀਤੀਆਂ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ ਉਥੇ ਬੇਰੁਜ਼ਗਾਰੀ ਦੇ ਦੈਂਤ ਨੇ ਪੰਜਾਬ ਦੇ 65 ਲੱਖ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ, ਨੌਜਵਾਨਾਂ ਨੂੰ ਨਸ਼ਿਆਂ ਅਤੇ ਗੰਦੇ ਸਭਿਆਚਾਰ ਦੀ ਦਲਦਲ ਵਿੱਚ ਫਸਾਇਆ ਜਾ ਰਿਹਾ ਹੈ, ਜਿਸ ਕਾਰਨ ਦੇਸ਼ ਦਾ ਭਵਿੱਖ ਪੂਰੀ ਤਰਾਂ ਨਾਲ ਬਰਬਾਦ ਹੁੰਦਾ ਜਾ ਰਿਹਾ ਹੈ। ਸਿੱਖਿਆ ਦਾ ਨਿੱਜੀਕਰਨ ਕੀਤੇ ਜਾਣ ਕਾਰਨ ਹੀ ਵਿਦਿਆ ਮੰਡੀ ਦਾ ਜੀਵਨ ਬਣ ਕੇ ਰਹਿ ਗਈ ਹੈ ਅਤੇ ਕਾਰਪੋਰੇਟ ਘਰਾਣਿਆ ਦੁਆਰਾ ਫੀਸ ਫੰਡਾਂ ਵਿੱਚ ਮਨਮਰਜ਼ੀ ਨਾਲ ਵਾਧਾ ਕਰਕੇ ਵਿਦਿਆਰਥੀਆਂ ਦੀ ਵੱਡੀ ਪੱਧਰ ਉਪਰ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਲ ਰਹੀਆਂ ਮਾੜੀਆਂ ਮੋਟੀਆਂ ਸਹੂਲਤਾਂ ਨੂੰ ਵੀ ਜਾਣਬੁਝ ਕੇ ਸੋਚੇ ਸਮਝੇ ਢੰਗ ਨਾਲ ਅਧਿਕਾਰਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਜਦਕਿ ਵਿਦਿਆਰਥੀਆਂ ਨੂੰ ਲੈਪਟੋਪ ਅਤੇ ਸਪੈਸ਼ਲ ਵਿਦਿਆਰਥੀ ਬੱਸਾਂ ਦਾ ਲਾਰਾ ਲਾ ਕੇ ਦੁਬਾਰਾ ਸੱਤਾ ਵਿੱਚ ਬੈਠੀ ਅਕਾਲੀ ਭਾਜਪਾ ਸਰਕਾਰ ਦੁਆਰਾ ਜਾਣ ਬੁਝ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਬੱਸ ਪਾਸ ਸਹੂਲਤ ਨੂੰ ਵੀ ਬੰਦ ਕਰਕੇ ਪ੍ਰਾਈਵੇਟ ਬੱਸ ਉਪਰੇਟਰਾਂ ਨੂੰ ਵਿਦਿਆਰਥੀਆਂ ਦੀ ਖੁਲੀ ਲੁੱਟ ਕੀਤੇ ਜਾਣ ਦੀਆਂ ਖੁੱਲਾਂ ਦਿੱਤੀਆਂ ਜਾ ਰਹੀਆਂ ਹਨ। ਸਾਂਝੇ ਰੂਪ ਵਿਚ ਨੌਜਵਾਨ ਸਭਾ ਦੇ ਆਗੂਆਂ ਨੇ ਦੱਸਿਆ ਕਿ 14 ਨਵੰਬਰ ਦੀ ਰੈਲੀ ਪੰਜਾਬ ਦੇ ਨੌਜਵਾਨਾਂ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ ਅਤੇ ਸ਼ਹੀਦਾਂ ਦੇ ਸੁਪਨਿਆਂ ਅਤੇ ਬਰਾਬਰਤਾ ਵਾਲਾ ਸਮਾਜ ਸਿਰਜ਼ਨ ਲਈ ਵੱਡੇ ਪੱਧਰ ‘ਤੇ ਲਾਮਬੰਦੀ ਕਰੇਗੀ।
Punjab Post Daily Online Newspaper & Print Media