ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਲੜੀਵਾਰ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਜਰੀ ਭਰਦੇ ਹੋਏ ਬਾਬਾ ਜੀ ਦੀ ਲਾਸ਼ਾਨੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਸੰਗਤਾਂ ਨੂੰ ਬੇਨਤੀ ਕੀਤੀ। ਸਿਰਸਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅਣਖੀ ਯੋਧੇ ਦੇ ਨਾਲ ਸਰਬਪੱਖੀ ਖਾਲਸਾ ਰਾਜ ਦੀ ਉਸਾਰੀ ਕਰਕੇ ਸੰਤ ਸਿਪਾਹੀ ਹੋਣ ਦਾ ਸਬੂਤ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੀਆਂ ਦੀ ਸ਼ਹੀਦੀ ਦੇ ਜਿੰਮੇਵਾਰ ਲੋਕਾਂ ਨੂੰ ਸ਼ਜਾਵਾਂ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਨਿਭਾਈ ਗਈ ਭੂਮਿਕਾ ਨੂੰ ਸਿਰਸਾ ਨੇ ਬੇਮਿਸਾਲ ਦੱਸਿਆ। ਕਮੇਟੀ ਵੱਲੋਂ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਦੇ ਨਾਲ ਹੀ ਉਨ੍ਹਾਂ ਦੀ ਸ਼ਦੀਵੀਂ ਯਾਦਗਾਰ ਮਹਿਰੌਲੀ ਵਿੱਖੇ ਸਥਾਪਿਤ ਕਰਨ ਵਾਸਤੇ 7.5 ਏਕੜ ਦੇ ਪਾਰਕ ਨੂੰ ਸ਼ਹੀਦੀ ਪਾਰਕ ਵੱਜੋਂ ਵਿਕਸਿਤ ਕਰਨ ਦੀ ਸੰਗਤਾਂ ਨੂੰ ਸਿਰਸਾ ਨੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁੱਖਜਿੰਦਰ ਸਿੰਘ, ਭਾਈ ਓਂਕਾਰ ਸਿੰਘ ਅਤੇ ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਮੌਕੇ ਸਿਰਸਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media