ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰਾਸਤੀ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ ਵੱਲੋਂ ਸ਼ਖਸ਼ੀਅਤ ਬਾਬਾ ਬੰਦਾ ਸਿੰਘ ਬਹਾਦਰ ਵਿਸ਼ੈ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਾ. ਬਲਵੰਤ ਸਿੰਘ ਢਿੱਲੋ ਨੇ ਬਾਬਾ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਹੋਏ ਉਨ੍ਹਾਂ ਨੂੰ ਬਹੁਪੱਖੀ ਸ਼ਖਸ਼ੀਅਤ ਅਤੇ ਲਾਸ਼ਾਨੀ ਪ੍ਰਕਾਸ਼ ਪੁੰਜ ਦੱਸਿਆ। ਬਾਬਾ ਜੀ ਨੂੰ ਬਹਾਦਰ ਯੋਧਾ ਦੱਸਦੇ ਹੋਏ ਉਨ੍ਹਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਢਿੱਲੋ ਨੇ ਸੰਗਤਾਂ ਸਾਹਮਣੇ ਰੱਖੀ। ਮਾਤਾ ਸੁੰਦਰੀ ਜੀ ਜਾਂ ਤੱਤ ਖਾਲਸਾ ਨਾਲ ਕਿਸੇ ਪ੍ਰਕਾਰ ਦੀ ਮੱਤਭੇਦ ਹੋਣ ਨੂੰ ਵੀ ਢਿੱਲੋ ਨੇ ਨਕਾਰਦੇ ਹੋਏ ਬਾਬਾ ਜੀ ਵੱਲੋਂ ਆਪਣੀ ਹਰ ਜੰਗ ਦੀ ਜਿੱਤ ਦਾ ਸਿਹਰਾ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਦੇਣ ਦਾ ਵੀ ਹਵਾਲਾ ਦਿੱਤਾ। ਬਾਬਾ ਜੀ ਨੂੰ ਗਰੀਬਾਂ ਦਾ ਰੱਖਿਅਕ ਤੇ ਅੱਤਿਆਚਾਰਾਂ ਦਾ ਵਿਰੋਧੀ ਦੱਸਦੇ ਹੋਏ ਢਿੱਲੋਂ ਨੇ ਉਨ੍ਹਾਂ ਨੂੰ ਉ-ਚਿਆਂ ਇਖਲਾਕੀ ਕੀਮਤਾਂ ਦਾ ਪੈਰੋਕਾਰ ਵੀ ਐਲਾਨਿਆ। ਕਿਰਸਾਨੀ ਦੇ ਭਲੇ ਲਈ ਬਾਬਾ ਜੀ ਵੱਲੌਂ ਕੀਤੇ ਗਏ ਕਾਰਜਾਂ ਨੂੰ ਢਿੱਲੋ ਨੇ ਲੋਕਪੱਖੀ ਵੀ ਕਰਾਰ ਦਿੱਤਾ। ਬਾਬਾ ਜੀ ਨਾਲ ਸੰਬੰਧਿਤ ਹਰਿਆਣਾ ਦੇ ਸਥਾਨ ਖਰਖੋਦਾ, ਸੋਨੀਪਤ, ਪਾਣੀਪਤ, ਸਢੋਰਾ, ਲੋਹਗੜ੍ਹ ਅਤੇ ਦਿੱਲੀ ਦੇ ਚਾਂਦਨੀ ਚੌਂਕ ਤੇ ਬਾਰਾਪੁੱਲਾ (ਬਾਬਾ ਜੀ ਦਾ ਸੰਸਕਾਰ ਸਥਲ) ਤੇ ਬਾਬਾ ਜੀ ਦੀ ਯਾਦ ਵਿੱਚ ਸੁੰਦਰ ਥੰਮ ਖੜੇ ਕਰਕੇ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਸੰਗਤਾਂ ਤਕ ਪਹੁੰਚਾਉਣ ਦੇ ਨਾਲ ਹੀ ਬਾਬਾ ਜੀ ਦੀ ਯਾਦ ਵਿੱਚ ਸਿੱਕਾ ਚਲਾਉਣ ਦਾ ਵੀ ਢਿੱਲੋ ਨੇ ਸੁਝਾਵ ਦਿੱਤਾ।
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦੇ ਚਲੇ ਆਉਂਦੇ ਕਥਨ ਨੂੰ ਬਦਲੇ ਦੇ ਬਜਾਏ ਅਤਿਆਚਾਰ ਦੇ ਖਿਲਾਫ ਬਦਲਾਵ ਵੱਜੋਂ ਪਰਿਭਾਸਿਤ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਵਿਸ਼ਤਾਰ ਨਾਲ ਦਿੱਤੀ। ਉਨ੍ਹਾਂ ਨੇ ਬਾਬਾ ਜੀ ਦੇ ਇਤਿਹਾਸ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਮਤਾਂ ਨੂੰ ਸਾਝੇ ਤੌਰ ਤੇ ਤਥਾਂ ਦੀ ਰੌਸ਼ਨੀ ਵਿੱਚ ਵਿਚਾਰਨ ਦੀ ਵੀ ਵਿਦਿਵਾਨਾਂ ਨੂੰ ਸਲਾਹ ਦਿੱਤੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਪ੍ਰੌਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ, ਅਦਾਰੇ ਦੇ ਕਨਵੀਨਰ ਤ੍ਰਿਲੋਚਨ ਸਿੰਘ ਅਤੇ ਡਾਇਰੈਕਟਰ ਬੀਬੀ ਹਰਬੰਸ ਕੌਰ ਸੱਗੂ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media