
ਸੰਦੌੜ, ਨਥਾਣਾ, 8 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ) – ਪਿੰਡ ਪੂਹਲਾ ਵਿੱਚ ਓਪੈਕਸ ਹਸਪਤਾਲ ਬਠਿੰਡਾ ਵੱਲੋਂ ਪੁਲਸ ਸਾਂਝ ਕੇਂਦਰ ਨਥਾਣਾ ਦੇ ਸਹਿਯੋਗ ਨਾਲ ਇੱਕ ਸਿਹਤ ਸੰਭਾਲ ਜਾਗਰੂਕਤਾ ਕੈਂਪ ਲਾਇਆ ਗਿਆ। ਜਿਸ ਵਿੱਚ ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਗੁਰਿੰਦਰ ਸਿੰਘ ਮਾਨ ਨੇ ਕਿਹਾ ਕਿ ਮਨੁੱਖੀ ਸਿਹਤ ਦੀ ਯੋਗ ਸਾਂਭ ਸੰਭਾਲ ਕਰਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਮੇਂ ਸਮੇਂ ਤੇ ਆਪਣੇ ਸਰੀਰ ਦੀ ਜਾਂਚ ਕਰਵਾਉਦੇ ਰਹਿਣਾ ਚਾਹੀਦੀ ਹੈ ਤਾਂ ਜੋ ਕਿਸੇ ਬਿਮਾਰੀ ਦਾ ਸੁਰੂਆਤੀ ਦੌਰ ਵਿੱਚ ਹੀ ਪਤਾ ਲਗਾ ਕੇ ਠੀਕ ਇਲਾਜ ਹੋ ਸਕੇ।ਉਨ੍ਹਾਂ ਦੱਸਿਆ ਕਿ ਸੱਪ ਦੇ ਕੱਟੇ ਦਾ ਮੈਡੀਕਲ ਇਲਾਜ ਸੰਭਵ ਹੈ ਅਤੇ ਅਜਿਹੀ ਹਾਲਤ ਵਿੱਚ ਤਾਗੇ-ਤਵੀਤਾਂ, ਹਥੌਲਿਆਂ, ਮਨਕਿਆਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ।ਇਸ ਤਰ੍ਹਾਂ ਕਰਨ ਨਾਲ ਮਰੀਜ਼ ਦੀ ਜਾਨ ਜਾ ਸਕਦੀ ਹੈ।ਉਨ੍ਹਾਂ ਬਿਜਲੀ ਦਾ ਕਰੰਟ ਲੱਗਣ ਪਿੱਛੋ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਚਾਨਣਾ ਪਾਇਆ।ਡਾ: ਮਾਨ ਨੇ ਅਧੰਰਗ, ਮਿਰਗੀ ਦੇ ਦੌਰੇ,ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਤਿੰਨ ਮਹੀਨਿਆਂ ਲਈ ਜਨਤਕ ਹਿੱਤ ਵਿੱਚ ਇਹ ਮੁਹਿੰਮ ਸੁਰੂ ਕੀਤੀ ਹੇ ਅਤੇ ਉਨ੍ਹਾਂ ਦਾ ਇੱਕ ਸੌ ਪਿੰਡਾਂ ਵਿੱਚ ਜਾਣ ਦਾ ਟੀਚਾ ਹੈ ਅਤੇ ਉਹ ਹੁਣ ਤੱਕ 53 ਪਿੰਡਾਂ ਵਿੱਚ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਨ। ਇਸ ਮੌਕੇ ਪੁਲਸ ਸਾਂਝ ਕੇਂਦਰ ਦੇ ਗੁਰਲਾਲ ਸਿੰਘ, ਕਿਸਾਨ ਯੂਨੀਅਨ ਦੇ ਨੁਮਾਇਦਿਆਂ ਤੋਂ ਇਲਾਵਾ, ਗੁਰਪ੍ਰੀਤ ਸਿੰਘ ਜੇਠੂ ਕੇ, ਤਰਨਦੀਪ ਸਿੰਘ ਪੂਹਲਾ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ।
Punjab Post Daily Online Newspaper & Print Media