Thursday, April 30, 2026

ਅੰਮ੍ਰਿਤਸਰ ਵਿਕਾਸ ਮੰਚ ਵੱਲੋ 69 ਕਰੋੜੀ ਹਿਰਦੇ ਪ੍ਰੋਜੈਕਟ ‘ਤੇ ਵਿਸ਼ੇਸ਼ ਸੈਮੀਨਾਰ

PPN1110201501ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਸਮੇਤ 12 ਸ਼ਹਿਰਾਂ ਦੇ ਵਿਰਸੇ ਨੂੰ ਸੰਭਾਲਣ ਲਈ ਹਿਰਦੇ ਪ੍ਰੋਜੈਕਟ ਉਲੀਕਿਆ ਗਿਆ ਹੈ, ਜਿਸ ਅਧੀਨ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਲਈ 69 ਕਰੋੜ ਰੁਪਏ ਪ੍ਰਵਾਨ ਕੀਤੇ ਹਨ।ਇਸ ਪ੍ਰੋਜੈਕਟ ਨੂੰ ਬਾਰੇ ਜਾਣਕਾਰੀ ਦੇਣ ਲਈ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਹਾਲ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਜੈਕਟ ਨਾਲ ਸੰਬੰਧਿਤ ਸ੍ਰੀਮਤੀ ਗੁਰਮੀਤ ਰਾਇ ਨੇ ਹਾਜਰ ਸ਼ਹਿਰੀਆਂ ਨੂੰ ਇੱਕ ਕੰੰਪਿਊਟਰ ਪ੍ਰੈਜੈਂਟੇਸ਼ਨ ਰਾਹੀਂ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਜੋ ਮੁਢਲੀ ਰੂਪ ਰੇਖਾ ਇਸ ਪ੍ਰੋਜੈਕਟ ਬਾਰੇ ਤਿਆਰ ਕੀਤੀ ਹੈ, ਉਸ ਅਨੁਸਾਰ ਉਨ੍ਹਾਂ ਨੇ ਪੰਜ ਵਿਰਸਾ ਜੋਨ ਬਣਾਏ ਹਨ। ਪ੍ਰੋਜੈਕਟ ਲਈ ਪੈਸੇ ਕੇਂਦਰ ਨੇ ਦਿੱਤੇ ਹਨ, ਜਦਕਿ ਇਸ ਨੂੰ ਲਾਗੂ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ, ਜਿਸ ਦੀ ਦੇਖ-ਰੇਖ ਵਿੱਚ ਇਹ ਕਾਰਜ ਸਿਰੇ ਚੜ੍ਹਨਾ ਹੈ।
ਸ੍ਰੀਮਤੀ ਗੁਰਮੀਤ ਰਾਇ ਨੇ ਦੱਸਿਆ ਕਿ ਸ਼ਹਿਰ ਦੀ ਚਾਰ ਦਿਵਾਰੀ ਦੇ ਅੰਦਰਲੇ ਹਿੱਸੇ ਦੇ ਜੋਨ ਦਾ ਨਾਂ ਰਾਮਦਾਸਪੁਰ ਹੈਰੀਟੇਜ ਜੋਨ ਰੱਖਿਆ ਹੈ ਤੇ ਇਸ ਨੂੰ ਉਨ੍ਹਾਂ ਨੇ ਪਹਿਲਾ ਸਥਾਨ ਦਿੱਤਾ ਹੈ। ਦੂਜੇ ਜੋਨ ਦਾ ਨਾਂ ਰਾਮਬਾਗ ਰੀਕੀਏਸ਼ਨ ਜੋਨ ਹੈ, ਜਿਸ ਅਧੀਨ ਰਾਮ ਬਾਗ ਦਾ ਖੇਤਰ ਵਿਕਸਤ ਕੀਤਾ ਜਾਵੇਗਾ। ਤੀਜੇ ਜੋਨ ਦਾ ਨਾਂ ਉਨ੍ਹਾਂ ਨੇ ਗੋਬਿੰਦਗੜ੍ਹ ਤੇ ਦੁਰਗਿਆਨਾ ਮੰਦਤਰ ਹਿਸਟੋਰਿਕ ਏਰੀਆ ਜੋਨ ਦਾ ਨਾ ਰੱਖਿਆ ਹੈ, ਜਿਸ ਅਧੀਨ ਜਿਲ੍ਹਾ ਗੋਬਿੰਦਗੜ੍ਹ ਤੇ ਸ੍ਰੀ ਦੁਰਗਿਆਣਾ ਮੰਦਰ ਦਾ ਖੇਤਰ ਵਿਕਸਤ ਕੀਤਾ ਜਾਵੇਗਾ।ਚੌਥੇ ਜੋਨ ਅਧੀਨ ਪੁਰਾਣੇ ਸ਼ਹਿਰ ਦੀ ਬਾਹਰਲੀ ਸੜਕ ਸਰਕੂਲਰ ਰੋਡ ਨੂੰ ਵਿਕਸਤ ਕਰਨ ਦੀ ਪਲਾਨਿੰਗ ਕੀਤੀ ਗਈ ਹੈ ਜਦਕਿ ਪੰਜਵੇਂ ਜੋਨ ਦਾ ਨਾਂ ਛੇਹਰਟਾ ਸਾਹਿਬ, ਚਾਲੀ ਖੂਹ ਤੇ ਅੱਪਰਬਾਰੀ ਦੁਆਬ ਕੈਨਾਲ ਦੇ ਖੇਤਰ ਨੂੰ ਵਿਕਸਿਤ ਕੀਤਾ ਜਾਵੇਗਾ।
ਸ੍ਰੀਮਤੀ ਗੁਰਮੀਤ ਰਾਇ ਨੇ ਦਰਸ਼ਕਾਂ ਵੱਲੋਂ ਇਸ ਪ੍ਰੋਜੈਕਟ ਬਾਰੇ ਉਠਾਏ ਗਏ ਨੁਕਤਿਆਂ ਦਾ ਜਵਾਬ ਦਿੰਦਿਆਂ ਭਰੋਸਾ ਦਿਤਾ ਕਿ ਇਹ ਪ੍ਰਾਜੈਕਟ ਅਜੇ ਇੱਕ ਬਲਿਊ ਪ੍ਰਿੰਟ ਹੈ, ਜਿਸ ਨੂੰ ਉਹ ਖਰਚੀ ਜਾਣ ਵਾਲੀ ਰਕਮ ਦੇ ਹਿਸਾਬ ਨਾਲ ਵਿਕਸਿਤ ਕਰਕੇ ਕੇਂਦਰ ਸਰਕਾਰ ਨੂੰ ਭੇਜਣਗੇ।
ਇਸ ਮੌਕੇ ਆਏ ਸੁਝਾਵਾਂ ਵਿੱਚ ਜਿਥੇ ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਤੇ ਸ੍ਰੀ ਹਰਿਮੰਦਰ ਸਾਹਿਬ ਨੇੜਲੀਆਂ ਸੜਕਾਂ ਦੀ ਸਾਂਭ ਸੰਭਾਲ ਤੇ ਸਟਰੀਟ ਲਾਈਟਾਂ ਵਗੈਰਾ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਥ ਲੈਣ ਦਾ ਮਤਾ ਰੱਖਣ, ਜਿਸਦੇ ਜਵਾਬ ਵਿੱਚ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਨਗਰ ਨਿਗਮ ਸ਼ੀਹਰੀਆਂ ਪਾਸੋਂ ਟੈਕਸ ਲੈਂਦੀ ਹੈ ਅਤੇ ਇਹ ਜਿੰਮੇਵਾਰੀ ਉਸ ਦੀ ਬਣਦੀ ਹੈ।ਉਨਾਂ ਕਿਹਾ ਕਿ ਫਿਰ ਵੀ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਫਾਈ ਪਹਿਲਾਂ ਹੀ ਸੰਗਤਾਂ ਵਲੋਂ ਕਰਵਾਈ ਜਾ ਰਹੀ ਹੈ, ਜੇਕਰ ਨਗਰ ਨਿਗਮ ਸੜਕਾਂ ਤੇ ਸਟਰੀਟ ਲਾਈਟ ਦੀ ਸੰਭਾਲ ਸਬੰਧੀ ਲਿਖ ਕੇ ਦੇ ਦੇਵੇ ਤਾਂ ਇਸ ਬਾਰੇ ਸੋਚਿਆ ਜਾ ਸਕਦਾ ਹੈ।ਮੰਚ ਦੇ ਪ੍ਰਧਾਨ ਇੰਜ: ਦਲਜੀਤ ਸਿੰਘ ਕੋਲੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਮੰਚ ਸੰਚਾਲਨ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਬਖੂਬੀ ਨਿਭਾਇਆ।ਡਾ. ਚਰਨਜੀਤ ਸਿੰਘ ਗੁਮਟਾਲਾ, ਕੁਲਵੰਤ ਸਿੰਘ ਅਣਖੀ ਨੇ ਧੰਨਵਾਦ ਕੀਤਾ।
ਇਸ ਸਮੇਂ ਇਹ ਵੀ ਵਿਚਾਰ ਆਈ ਕਿ ਸਮਾਰਟ ਸਿਟੀ ਅਤੇ ਹਿਰਦੇ ਪ੍ਰਾਜੈਕਟ ਜੇਕਰ ਵਧੀਆ ਤਾਲਮੇਲ ਨਾਲ ਨੇਪਰੇ ਚੜ੍ਹਦੇ ਹਨ ਤਾਂ ਇਹ ਅੰਮ੍ਰਿਤਸਰ ਸ਼ਹਿਰ ਲਈ ਬਿਹਤਰੀਨ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਸੰਸਥਾਵਾਂ, ਵਾਤਾਵਰਣ ਪੇ੍ਰਮੀਆਂ, ਵਿਰਾਸਤ ਤੇ ਸਭਿਆਚਾਰ ਸਬੰਧੀ ਕੰਮ ਰਹੀਆਂ ਸ਼ਖਸ਼ੀਅਤਾਂ ਤੇ ਲਿਖਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਸੁਝਅ ਵੀ ਲਏ ਜਾਣ ਲਾਭਦਾਇਕ ਹੋ ਸਕਦੇ ਹਨ।
ਸਾਥੀ ਸੰਸਥਾ ਦੇ ਸ੍ਰੀ ਪ੍ਰਸ਼ੋਤਮ ਲਾਲ, ਐਂਟੀ ਟੈਰਿਰਸਟ ਐਸੋਸੀਏਸ਼ਨ ਦੇ ਡਾ. ਹਰਥਿਰ, ਡਾ. ਹਰਧੀਰ, ਐਂਟੀ ਤੰਮਾਕੂ ਸੰਸਥਾ ਦੇ ਡਾ. ਪ੍ਰਹਲਾਦ ਦੁਗਲ, ਮਿਸ਼ਨ ਅਗਾਜ਼ ਦੇ ਦੀਪ ਬੱਬਰ ਤੇ ਗੁਰਭੇਜ ਸਿੰਘ, ਵਾਇਸ ਆਫ ਅੰਮ੍ਰਿਤਸਰ ਤੋਂ ਇੰਦੂ ਸ਼ਰਮਾ, ਪ੍ਰਿੰਸੀਪਲ ਅਮਨਦੀਪ ਸੇਖੋਂ, ਇੰਜ: ਮਨਪ੍ਰੀਤ ਸਿੰਘ, ਪੰਜਾਬੀ ਚਿੰਤਕ ਮੰਚ ਤੋਂ ਜਸਬੀਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਅੰਮ੍ਰਿਤਸਰ ਵਿਕਾਸ ਮੰਚ ਤੋਂ ਪ੍ਰੋ: ਮੋਹਨ ਸਿੰਘ, ਲਖਬੀਰ ਸਿੰਘ ਘੁੰਮਣ, ਮਨਮੋਹਨ ਸਿੰਘ ਬਰਾੜ, ਗੁਰਮੀਤ ਸਿੰਘ ਭੱਟੀ, ਪ੍ਰਿੰਸੀਪਲ ਕੇਵਲ ਸਿੰਘ, ਪੀ.ਐਸ ਕੋਹਲੀ ਗੰਨ ਹਾਊਸ ਵਾਲੇ, ਰਾਹੁਲ, ਮਾਈਕਲ, ਇੰਜ: ਜਸਵਿੰਦਰ ਸਿੰਘ ਗਿੱਲ, ਮੈਡਮ ਇੰਦੂ, ਤਰਨਦੀਪ ਸਿੰਘ ਈਕੋ ਸਿੱਖ, ਜਸਵਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ ਤੁਲੀ, ਦੇਵ ਦਰਦ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply