ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮ੍ਰਿਤਸਰ ਇਕਾਈ ਦੀ ਵਿਸ਼ੇਸ਼ ਮੀਟਿੰਗ ਕੰਪਨੀ ਬਾਗ ਵਿਖੇ ਹੋਈ, ਜਿਸ ਵਿਚ ਪ੍ਰਸਿੱਧ ਤਰਕਸ਼ੀਲ ਆਗੂਆਂ ਡਾ. ਨਰਿੰਦਰ ਦਾਭੋਲਕਰ, ਗੋਵਿੰਦ ਪਾਨਸਰੇ ਅਤੇ ਪ੍ਰੋ. ਐਮ.ਐਮ. ਕਲਬੁਰਗੀ ਦੀਆਂ ਹੱਤਿਆਵਾਂ ਤੋਂ ਇਲਾਵਾ ਦਾਦਰੀ ਹੱਤਿਆ ਕਾਂਡ ਲਈ ਜ਼ਿੰਮੇਵਾਰ ਫਿਰਕੂ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਇਨ੍ਹਾਂ ਦੀ ਸੀਬੀਆਈ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਇਸ ਮੌਕੇ ਇਕਾਈ ਮੁੱਖੀ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ ਅਤੇ ਬਲਵੰਤ ਸਿੰਘ ਨੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਫਿਰਕੂ ਸੰਗਠਨਾਂ ਵਲੋਂ ਨਾਗਰਿਕਾਂ ਦੇ ਆਜ਼ਾਦਾਨਾ ਤੌਰ ‘ਤੇ ਲਿਖਣ, ਪੜ੍ਹਣ, ਬੋਲਣ, ਖਾਣ ਪੀਣ, ਪਹਿਨਣ, ਕਿਸੇ ਧਰਮ ਨੂੰ ਮੰਨਣ ਜਾਂ ਬਿਲਕੁੱਲ ਨਾ ਮੰਨਣ ਅਤੇ ਅਸਹਿਮਤੀ ਦੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਉਤੇ ਲਾਈ ਜਾ ਰਹੀ ਪਾਬੰਦੀ ਅਤੇ ਵਿਰੋਧੀਆਂ ਉਤੇ ਫਿਰਕੂ ਕਾਤਲਾਨਾ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਫਾਸੀਵਾਦੀ ਵਿਵਹਾਰ ਭਾਰਤੀ ਸੰਵਿਧਾਨ ਅਤੇ ਜਮਹੂਰੀਅਤ ਦੀ ਸਰਾਸਰ ਉਲੰਘਣਾ ਹੈ ਅਤੇ ਨਾਗਰਿਕਾਂ ਦੀ ਨਿੱਜੀ ਆਜਾਦੀ ਅਤੇ ਜਮਹੂਰੀ ਹੱਕਾਂ ਉਤੇ ਸਿੱਧਾ ਹਮਲਾ ਹੈ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।ਉਨ੍ਹਾਂ ਨੇ ਪ੍ਰਸਿੱਧ ਕੰਨੜ ਲੇਖਕ ਕੇ.ਐਸ. ਭਗਵਾਨ, ਉਘੇ ਨਾਟਕਕਾਰ ਯੋਗੇਸ਼ ਮਾਸਟਰ, ਲੇਖਕ ਚੰਦਰ ਸ਼ੇਖਰ, ਉਘੇ ਪੱਤਰਕਾਰ ਨਿਖਿਲ ਵਾਗਲੇ, ਰਾਣਾ ਆਯੂਬ ਅਤੇ ਐਨ.ਡੀ.ਟੀ.ਵੀ. ਦੇ ਪੱਤਰਕਾਰ ਰਵੀਸ਼ ਕੁਮਾਰ ਨੂੰ ਫਿਰਕੂ ਸੰਗਠਨਾਂ ਵੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਉਨ੍ਹਾਂ ਨੂੰ 295 ਏ ਦੇ ਝੂਠੇ ਕੇਸਾਂ ਵਿਚ ਫਸਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਸੰਵਿਧਾਨ ਦੀ ਧਾਰਾ 51 ਏ (ਐਚ) ਤਹਿਤ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਧਾਰਾ 19 ਤਹਿਤ ਮਿਲੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਹੱਕ ਦੀ ਰਾਖੀ ਯਕੀਨੀ ਬਣਾਈ ਜਾਵੇ ਅਤੇ ਫਿਰਕੂ ਸੰਗਠਨਾਂ ਉਤੇ ਪਾਬੰਦੀ ਲਾਈ ਜਾਵੇ।
ਤਰਕਸ਼ੀਲ ਆਗੂਆਂ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਅਣਖੀਲੇ ਅਤੇ ਪ੍ਰਗਤੀਸ਼ੀਲ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਰੋਸ ਵਜੋਂ ਆਪਣੇ ਸਾਹਿਤ ਅਕਾਦਮੀ ਐਵਾਰਡ ਵਾਪਸ ਕਰਨ ਦੀ ਜ਼ੋਰਦਾਰ ਹਮਾਇਤ ਕਰਦਿਆਂ ਪੰਜਾਬ ਦੇ ਉਘੇ ਸਾਹਿਤਕਾਰਾਂ, ਨਾਟਕਕਾਰਾਂ, ਬੁੱਧੀਜੀਵੀਆਂ ਅਤੇ ਦੂਜੇ ਹੋਰ ਖੇਤਰਾਂ ਦੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੱਤਾਧਾਰੀ ਧਿਰ ਅਤੇ ਫਿਰਕੂ ਸੰਗਠਨਾਂ ਵਲੋਂ ਦੇਸ਼ ਵਿਚ ਫੈਲਾਏ ਜਾ ਰਹੇ ਧਾਰਮਿਕ ਫਾਸ਼ੀਵਾਦ ਦਾ ਡਟਵਾਂ ਜਥੇਬੰਦਕ ਵਿਰੋਧ ਦਰਜ ਕਰਾਉਣ ਲਈ ਸੂਬਾ ਸਰਕਾਰ, ਕੇਂਦਰ ਸਰਕਾਰ ਅਤੇ ਭਾਰਤ ਸਾਹਿਤ ਅਕਾਦਮੀਆਂ ਵਲੋਂ ਦਿੱਤੇ ਇਨਾਮ ਸਨਮਾਨ ਵਾਪਸ ਕਰਨ ਲਈ ਅੱਗੇ ਆਉਣ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਪਣੀਆਂ ਕਲਮਾਂ ਦੀ ਧਾਰ ਨੂੰ ਹੋਰ ਤਿੱਖਿਆਂ ਕਰਨ।
ਉਨ੍ਹਾਂ ਸਮੂਹ ਇਨਸਾਫ ਪਸੰਦ ਅਤੇ ਜਮਹੂਰੀ ਪ੍ਰਗਤੀਸ਼ੀਲ ਸਾਹਿਤਕ, ਸਮਾਜਿਕ, ਪੱਤਰਕਾਰ ਅਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਸੰਗਠਨਾਂ ਦੇ ਫਾਸ਼ੀਵਾਦੀ ਹਮਲਿਆਂ ਦਾ ਇਕਜੁਟ ਹੋ ਕੇ ਜਥੇਬੰਦਕ ਪੱਧਰ ਤੇ ਡਟਵਾਂ ਜਨਤਕ ਵਿਰੋਧ ਕਰਨ। ਇਸ ਮੌਕੇ ਉਤੇ ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ, ਧਰਵਿੰਦਰ ਕੋਹਾਲੀ, ਕਰਨਰਾਜ ਸਿੰਘ, ਡਾ. ਬਲਦੇਵ ਸਿੰਘ, ਜਸਪਾਲ ਬਾਸਰਕਾ, ਮੇਜਰ ਸਿੰਘ, ਕਾਮਰੇਡ ਅਜੀਤ ਸਿੰਘ ਨਾਗਰ ਮੱਲ, ਅਮਰਜੀਤ ਕੋਹਾਲੀ, ਵਰਿੰਦਰ ਕੌਰ ਅਤੇ ਸ਼ਮਸ਼ੇਰ ਹੇਰ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media