
ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਦੌਰੇ ਤੋਂ ਵਤਨ ਵਾਪਸੀ ‘ਤੇ ਹਲਕਾ ਦੱਖਣੀ ਦੇ ਇੰਚਾਰਜ਼ ਤੇ ਸਾਬਕਾ ਵਿਧਾਇਕ ਠੇਕੇਦਾਰ ਹਰਜਿੰਦਰ ਸਿੰਘ ਵੱਲੋਂ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਅਤੇ ਉਨ੍ਹਾ ਦਾ ਵਾਪਿਸ ਪਰਤਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਠੇਕੇਦਾਰ ਵੱਲੋਂ ਉਨ੍ਹਾਂ ਨਾਲ ਆਪਣੇ ਹਲਕੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਠੇਕੇਦਾਰ ਨੇ ਦੱਸਿਆ ਹੈ ਕਿ ਬਹੁਤ ਜਲਦ ਹੀ ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੰਜਾਬ ਬਾਰੇ ਫੈਸਲਾ ਕਰ ਲਿਆ ਜਾਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਮਿਲ ਕੇ ਆਗਾਜ਼ ਕਰੇਗੀ।ਉਨਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ 9 ਸਾਲਾਂ ਤੋਂ ਰਾਜ ਕਰ ਰਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ।ਇਸ ਲਈ ਲੋਕ ਗਠਜੋੜ ਦੀਆਂ ਲੋਕਮਾਰੂ ਨੀਤੀਆਂ ਤੋਂ ਏਨਾ ਤੰਗ ਆ ਚੁੱਕੇ ਹਨ, ਕਿ ਉਹ ਸਰਕਾਰ ਦਾ ਸਫਾਇਆ ਕਰਨ ਲਈ ਚੋਣਾਂ ਦੀ ਹੀ ਉਡੀਕ ਕਰ ਰਹੇ ਹਨ।ਉਨਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਚੋਣਾਂ ਭਾਰੀ ਬਹੁਮੱਤ ਨਾਲ ਜਿੱਤ ਕੇ ਕਾਂਗਰਸ ਸਰਕਾਰ ਬਨਾਉਣਗੇ, ਜਿਸ ਨਾਲ ਪੰਜਾਬ ਵਿੱਚ ਮੁੜ ਤਰੱਕੀ ਤੇ ਖੁਸ਼ਹਾਲੀ ਦੀ ਲਹਿਰ ਦੌੜੇਗੀ।
Punjab Post Daily Online Newspaper & Print Media