
ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਪੀ.ਐਚ.ਡੀ.ਫ਼ਪੋਸਟ ਡਾਕਟਰਲ ਸਕਾਲਰਫ਼ਟੀਚਿੰਗ ਫੈਕਲਟੀ ਲਈ ਖੋਜ ਵਿਧੀ ‘ਤੇ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਵਰਕਸ਼ਾਪ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ 69 ਅਧਿਆਪਕ ਅਤੇ ਖੋਜਾਰਥੀ ਭਾਗ ਲੈ ਰਹੇ ਹਨ।ਪ੍ਰੋ. ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਇਸ ਮੌਕੇ ਮੁੱਖ ਮਹਿਮਾਨ ਸਨ। ਕੁਈਨਜ਼ਬਰਗ ਕਮਿਊਨਟੀ ਕਾਲਜ, ਨਿਊ ਯਾਰਕ ਦੇ ਐਸੋਸੀਏਟ ਪ੍ਰੋਫੈਸਰ, ਡਾ. ਸਿਮਰਨ ਕੌਰ ਜੋ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਖੇ ਫੁਲਬਰਾਈਟ ਯੈ.ਐਸ. ਸਕਾਲਰ ਵਜੋਂ ਕਾਰਜਸ਼ੀਲ ਹਨ, ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋ. ਬਰਾੜ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਮੌਜੂਦਾ ਉੇਚੇਰੀ ਸਿਖਿਆ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਆਪਣੇ ਕੰਮ ਪ੍ਰਤੀ ਪ੍ਰਤੀਬੱਧ ਹੋਣਾ ਪਵੇਗਾ ਅਤੇ ਸਖਤ ਮਿਹਨਤ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਨਾ ਪਵੇਗਾ ਤਾਂ ਹੀ ਸਿਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਹੀ ਉਨ੍ਹਾਂ ਨੂੰ ਹਰ ਮੈਦਾਨ ਫਤਿਹ ਬਖਸ਼ ਸਕਦੀ ਹੈ ਅਤੇ ਉਹ ਦੇਸ਼ਾਂ ਵਿਦੇਸ਼ਾਂ ਵਿਚ ਕਾਮਯਾਬੀ ਹਾਂਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਸਵੈਪੜਚੋਲ ਕਰਨੀ ਚਾਹੀਦੀ ਹੈ ਅਤੇ ਉਚੇਰੀ ਸਿਖਿਆ ਦਾ ਹੱਲ ਲੱਭਣ ਵਿਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੇਂ-ਨਵੇਂ ਸਾਫਟਵੇਅਰ ਦੀ ਆਮਦ ਕਰਕੇ ਥੀਸਿਜ਼ ਵਿਚ ਸ਼ਾਮਲ ਕੀਤੀ ਗਈ ਚੋਰੀ ਦੀ ਸਮੱਗਰੀ ਝੱਟ ਫੜੀ ਜਾਂਦੀ ਹੈ ਇਸ ਲਈ ਵਿਦਿਆਰਥੀਆਂ ਨੂੰ ਇਸ ਪ੍ਰਤੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲਾਸਰੂਮ ਪੜ੍ਹਾਈ ਤੋਂ ਇਲਾਵਾ ਅਧਿਆਪਕ ਨੂੰ ਸਰਵਪੱਖੀ ਗਿਆਨ ਹੋਣਾ ਵੀ ਅੱਜ ਲਾਜ਼ਮੀ ਹੋ ਗਿਆ ਹੈ। ਕੇਂਦਰ ਦੀ ਡਾਇਰੈਕਟਰ, ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਵਿਭਾਗੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਅਧਿਆਪਕਾਂ ਅਤੇ ਖੋਜਾਰਥੀਆਂ ਲਈ ਕਰਵਾਏ ਜਾ ਰਹੇ ਇਸ ਕੋਰਸ ਦਾ ਉਨ੍ਹਾਂ ਨੂੰ ਕਾਫੀ ਲਾਹਾ ਪ੍ਰਾਪਤ ਹੋਵੇਗਾ। ਕਾਮਰਸ ਵਿਭਾਗ ਤੋਂ ਡਾ. ਮਨਦੀਪ ਕੌਰ, ਕੋਆਰਡੀਨੇਟਰ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ। ਡਿਪਟੀ ਡਾਇਰੈਕਟਰ, ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Punjab Post Daily Online Newspaper & Print Media