
ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸ਼ਹਿਰੀ) ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦਲ ਦੇ ਨੇਤਾ ਸੁਰਿੰਦਰ ਸਿੰਘ ਸੁਲਤਾਨਵਿੰਡ ਅਤੇ ਸਮਸ਼ੇਰ ਸਿੰਘ ਸ਼ੇਰਾ ਮੁੱਖ ਬੁਲਾਰਾ ਜਿਲਾ ਅਕਾਲੀ ਜਥਾ ਸ਼ਹਿਰੀ ਨੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਉਸ ਬਿਆਨ ਨੂੰ ਹਾਸੋ ਹੀਣਾ ਦੱਸਿਆ ਜਿਸ ਵਿਚ ਉਨਾਂ ਨੇ ਪਾਵਰਕਾਮ ਦੇ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਕਿਹਾ ਕਿ ਅਫ਼ਸਰ ਰਿਸ਼ਵਤ ਮੰਗਦੇ ਹਨ।ਉਪਰੋਕਤ ਨੇਤਾਵਾਂ ਨੇ ਕਿਹਾ ਕਿ ਜੋਸ਼ੀ ਜੀ ਇਹ ਦੱਸਣ ਕਿ ਉਹ ਦੋਹਰੇ ਮਾਪਦੰਡ ਕਿਉਂ ਅਪਣਾਉਂਦੇ ਹਨ ਕਿ ਜਿਹੜੇ ਭ੍ਰਿਸ਼ਟ ਅਫ਼ਸਰ ਬਾਰੇ ਅਕਾਲੀ ਦਲ ਸ਼ਿਕਾਇਤ ਕਰੇ ਉਹ ਉਨਾਂ ਨੂੰ ਸਨਮਾਨਿਤ ਕਰਦੇ ਹਨ ਅਤੇ ਜਿਹੜੇ ਉਨਾ ਦੇ ਦਫ਼ਤਰ ‘ਚ ਸ਼ਿਕਾਇਤ ਹੋਵੇ ਉਹ ਭ੍ਰਿਸ਼ਟ ਹਨ।ਉਨਾਂ ਕਿਹਾ ਕਿ ਜੋਸ਼ੀ ਲੋਕਾਂ ਦੀਆ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ ਨਾ ਕਰਨ ਕਿਉਂਕਿ ਜੋਸ਼ੀ ਨੇ ਹਮੇਸ਼ਾਂ ਹੀ ਭ੍ਰਿਸ਼ਟ ਅਧਿਕਾਰੀਆਂ ਦੀ ਪੁਸ਼ਤਪਨਾਹੀ ਕੀਤੀ ਹੈ ਕਿਉਂਕਿ ਜੇ ਅਕਾਲੀ ਦਲ ਦੇ 34 ਕੌਂਸਲਰਾਂ ਨੇ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ ਦਿੱਤੀ ਤਾਂ ਤੁਸੀ ਉਨਾਂ ਵਿਚ ਇਕ ਨੂੰ ਆਪਣਾ ਓ. ਐਸ. ਡੀ ਬਣਾ ਲਿਆ ਜੇ ਪਾਵਰਕਾਮ ਦੇ ਐਸ. ਡੀ. ਓ ਨੂੰ ਅਕਾਲੀ ਦਲ ਨੇ ਬਦਲਿਆ ਤਾਂ ਤੁਸੀ ਉਸ ਦੀ ਬਦਲੀ ਦੋ ਵਾਰ ਰੁਕਵਾਈ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਲੋਕਾਂ ਦੇ ਹੱਕ ‘ਚ ਖੜਣਾ ਇਕ ਚੰਗੀ ਗੱਲ ਹੈ, ਪਰ ਸਿਰਫ ਆਪਣੇ ਮਤਲਬ ਵਾਸਤੇ ਲੋਕਾਂ ਨੂੰ ਵਰਤਣਾ ਬੜਾ ਦੁਖਦਾਈ ਹੈ।ੳਨਾਂ ਕਿਹਾ ਕਿ ਉਸੀ ਸਰਕਾਰ ਦੇ ਕੈਬਨਿਟ ਮੰਤਰੀ ਹੋ ਜੇ ਤੁਸੀ ਹੀ ਧਰਨੇ ਲਾਉਣੇ ਹਨ ਤਾਂ ਤੁਹਾਨੂੰ ਆਪਣੀ ਤਾਕਤ ਦਾ ਪਤਾ ਹੀ ਨਹੀ ਹੈ।ਉਨਾਂ ਜੋਸ਼ੀ ਬਾਰੇ ਬੋਲਦਿਆਂ ਕਿਹਾ ਕਿ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ’ ਹਨ।
Punjab Post Daily Online Newspaper & Print Media