
ਪਠਾਨਕੋਟ, 21 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਡੇਹਰੀਵਾਲ ਵਿਖੇ 10 ਏਕੜ ਵਿੱਚ ਕੈਟਲ ਪਾਉਂਡ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਆਯੋਜਿਤ ਜ਼ਿਲ੍ਹਾ ਪਬਲਿਕ ਵਰਕਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸਤੀਸ਼ ਕੁਮਾਰ ਵਸ਼ਿਸਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਿਤ ਮਹਾਜਨ ਐਸ.ਡੀ.ਐਮ., ਮਨਮੋਹਨ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਗੁਰਸ਼ਰਨ ਸਿੰਘ ਵਣ ਮੰਡਲ ਅਫ਼ਸਰ, ਰਾਜੇਸ਼ ਗੁਪਤਾ ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਵਿਸ਼ੇਸ਼ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ, ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫ਼ਸਰ, ਰਾਜਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸੁਖਦੇਵ ਰਾਜ ਬੀ.ਡੀ.ਪੀ.ਓ., ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਅਤੇ ਖਰਚ ਕੀਤੇ ਗਏ ਫੰਡਾਂ ਦੇ ਵਰਤੋਂ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ ਤਾਂ ਜੋ ਸਰਕਾਰ ਤੋਂ ਹੋਰ ਫੰਡ ਮੰਗੇ ਜਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਸਾਲ 2013-14 ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰ ਦਿੱਤੀ ਗਈ ਅਤੇ ਸਾਲ 2014-15 ਦੀਆਂ ਸੜਕਾਂ ਦੀ ਮੁਰੰਮਤ ਤੇ ਨਵ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜੋ ਮਿੱਥੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੇ ਦੱਸਿਆ ਕਿ 45.62 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ 14.29 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਸਰਕਾਰੀ ਕਾਲਜ ਦੀ ਇਮਾਰਤ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 255 ਹੈਕਟੇਅਰ ਰਕਬੇ ਵਿੱਚ ਪੌਦੇ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ ਅਤੇ 2 ਲੱਖ ਪੌਦੇ ਵੱਖ ਵੱਖ ਸੰਸਥਾਵਾਂ ਨੂੰ ਮੁਫ਼ਤ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਲ ਅਧਿਕਾਰੀਆਂ, ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਨਜਾਇਜ਼ ਕਬਜੇ ਹਟਾਉਣ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਕੀਤੀ ਅਤੇ ਇਨ੍ਹਾਂ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media