
ਪਠਾਨਕੋਟ, 21 ਅਕਤੂਬਰ (ਪ.ਪ) – ਪੰਜਾਬ ਪੁਲਿਸ ਦਾ ਗੌਰਵਮਈ ਇਤਿਹਾਸ ਹੈ ਕਿ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਦੇ ਕਰੀਬ 2500 ਅਫ਼ਸਰਾਂ ਤੇ ਜਵਾਨਾਂ ਨੇ ਕੁਰਬਾਨੀਆਂ ਕੀਤੀਆਂ ਹਨ।ਇਹ ਪ੍ਰਗਟਾਵਾ ਸ਼੍ਰੀ ਆਰ ਕੇ ਬਖਸ਼ੀ ਐਸ.ਐਸ.ਪੀ. ਪਠਾਨਕੋਟ ਨੇ ਅੱਜ ਸਥਾਨਿਕ ਪੁਲਿਸ ਲਾਈਨ ਵਿਖੇ ਵੱਖ ਵੱਖ ਫੋਰਸਾਂ ਦੇ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ, ਪੁਲਿਸ ਅਫ਼ਸਰਾਂ ਤੇ ਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼ਹੀਦੀ ਯਾਦਗਾਰ ਸਮਾਰੋਹ ਦੇ ਦੌਰਾਨ ਸਰਵਸ਼੍ਰੀ ਆਰ ਕੇ ਬਖਸ਼ੀ ਐਸ.ਐਸ.ਪੀ. ਪਠਾਨਕੋਟ, ਸ. ਸੁਖਵਿਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ, ਜਗਜੀਤ ਸਿੰਘ ਸਰੋਆ ਐਸ.ਪੀ. ਹੈਡਕੁਆਟਰ, ਯਸਪਾਲ ਐਸ.ਪੀ., ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਗਜੀਤ ਸਿੰਘ ਡੀ.ਐਸ.ਪੀ., ਮਨੋਜ ਕੁਮਾਰ ਡੀ.ਐਸ.ਪੀ. ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।
ਸ਼੍ਰੀ ਆਰ.ਕੇ ਬਖਸ਼ੀ ਐਸ.ਐਸ.ਪੀ. ਨੇ ਇਸ ਮੌਕੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਕੌਮਾਂ ਕਦੇ ਵੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੁਹ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ 21 ਅਕਤੂਬਰ ਦਾ ਦਿਨ ਸ਼ਹੀਦੀ ਯਾਦਗਾਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਦੀਆਂ ਵੱਖ ਵੱਖ ਫੋਰਸਾਂ ਵਿੱਚ ਸ਼ਹੀਦ ਹੋਏ ਜਵਾਨਾਂ ਅਤੇ ਅਫ਼ਸਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਦੇਸ਼ ਵਿੱਚ 434 ਪੁਲਿਸ ਜਵਾਨਾਂ ਨੇ ਦੇਸ਼ ਦੀ ਰੱਖਿਆ ਖਾਤਿਰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਮੌਕੇ 27 ਜੁਲਾਈ ਨੂੰ ਦੀਨਾਨਗਰ ਵਿਖੇ ਹੋਏ ਆਤੰਕੀ ਹਮਲੇ ਵਿੱਚ ਸ਼ਹੀਦ ਹੋਏ ਐਸਪੀ ਬਲਜੀਤ ਸਿੰਘ, ਪੰਜਾਬ ਹੋਮਗਾਰਡ ਦੇ ਜਵਾਨ ਦੇਸ ਰਾਜ, ਸੁਖਦੇਵ ਸਿੰਘ ਅਤੇ ਬੋਧ ਰਾਜ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ/ਮੁਸ਼ਕਲਾਂ ਸੁਣੀਆਂ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਅਮਨ, ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਵੱਖ ਵੱਖ ਪੁਲੀਸ ਫੋਰਸਾਂ ਦੇ ਜਵਾਨਾਂ ਤੇ ਅਫ਼ਸਰਾਂ ਨੇ ਸ਼ਹਾਦਤਾ ਦਿੱਤੀਆਂ ਹਨ, ਜੋ ਦੁਸਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਇਸ ਮੌਕੇ ਸ਼੍ਰੀ ਆਰ.ਕੇ ਬਖਸ਼ੀ ਐਸ.ਐਸ.ਪੀ. ਅਤੇ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 9 ਸ਼ਹੀਦ ਹੋਏ ਜਵਾਨਾਂ ਤੇ ਅਫ਼ਸਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸ.ਜਗਜੀਤ ਸਿੰਘ ਸਰੋਆ ਐਸ.ਪੀ. ਨੇ ਦੇਸ਼ ਵਿੱਚ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਮ ਪੜ ਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ। ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਮੂਹ ਥਾਣਿਆਂ ਦੇ ਐਸ.ਐਚ.ਓ., ਪੁਲਿਸ ਜਵਾਨ, ਸ਼ਹੀਦਾਂ ਦੇ ਪਰਿਵਾਰ ਸ਼ਾਮਲ ਸਨ।
Punjab Post Daily Online Newspaper & Print Media