
ਅੰਮ੍ਰਿਤਸਰ, 27 ਅਕਤੂਬਰ: (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਸਬੰਧੀ ਬਰਗਾੜੀ ਵਿਖੇ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਦੌਰਾਨ ਪੁਲਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿੱਤ ਧਰਮ ਪ੍ਰਚਾਰ ਲਹਿਰ ਤਹਿਤ 174ਵੇਂ ਗੇੜ ਦੇ ਦੋ ਦਿਨਾ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਪਿੰਡ ਧੂਤ ਕਲਾਂ ਹਲਕਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਖੰਡ ਕੀਰਤਨੀ ਜਥਾ ਇਟੰਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 75 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਜਿਨ੍ਹਾਂ ਨੂੰ ਧਰਮ ਪ੍ਰਚਾਰ ਲਹਿਰ ਵੱਲੋਂ ਭੇਟਾਂ ਰਹਿਤ ਕਕਾਰ ਅਤੇ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ 50 ਨੌਜਵਾਨਾਂ ਨੂੰ ਸਿਰੋਪਾਓ ਦਿਤੇ ਗਏ।ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਦੀ ਅਤਿੰਮ ਅਰਦਾਸ ਵਿਚ ਪਿੰਡ ਧੂਤ ਕਲਾਂ ਵਿਖੇ ਇਲਾਕੇ ਦੀ ਸਿੱਖ ਸੰਗਤਾਂ ਦੇ ਭਾਰੀ ਇੱਕਠ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਇਲਾਕੇ ਦੀ ਸੰਗਤ ਸੇਵਾ ਸੰਭਾਲ ਅਤੇ ਟਹਿਲ ਦੀ ਜਿੰਮੇਵਾਰੀ ਆਪ ਸੰਭਾਲੇ ਨਾਂ ਸਰਕਾਰ ਕੋਲੋ ਅਤੇ ਨਾ ਹੀ ਸ਼ੋਮਣੀ ਕਮੇਟੀ ਤੋਂ ਕੋਈ ਉਮੀਦ ਰੱਖੇ। ਇਲਾਕੇ ਦੀ ਸੰਗਤ ਹੀ ਪ੍ਰਕਾਸ਼ ਅਸਥਾਨ ਅਤੇ ਸੁਖ ਆਸਣ ਅਸਥਾਨ ਤੇ ਕਿਸੇ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ, ਬੇਅਦਬੀ ਨੂੰ ਰੋਕਣ ਲਈ ਜਾਂ ਕਿਸੇ ਸ਼ਰਾਰਤੀ ਅਨਸਰ ਨੂੰ ਰੋਕਣ ਲਈ 24 ਘੰਟੇ ਸ਼ਸ਼ਤਾਰਧਾਰੀ ਸਿੰਘਾਂ ਦਾ ਪਹਿਰਾ ਲਾਜਮੀ ਬਣਾਵੇ।ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੇ ਸਾਰੀ ਕੌਮ ਨੂੰ ਧੁਰ ਅੰਦਰ ਤੱਕ ਦੁੱਖੀ ਕੀਤਾ ਹੈ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਣ ਸਿੱਖ ਪੰਥ ਦੀ ਵਾਗਡੋਰ ਗੁਰੂ ਪੰਥ ਖਾਲਸੇ ਦੇ ਸਪੁਰਦ ਕਰ ਦਿੱਤੀ ਹੈ।ਸਮਾਂ ਮੰਗ ਕਰਦਾ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਨਿੱਕੇ ਮੋਟੇ ਆਪਸੀ ਭੇਦ ਭਾਵ ਨੂੰ ਮਿੱਟਾ ਕੇ ਇੱਕ ਮੰਚ ਤੇ ਇੱਕਠੇ ਹੋ ਕੇ ਇੱਕ ਵਿਧਾਨ, ਇੱਕ ਪ੍ਰਧਾਨ ਤੇ ਸਹਿਮਤੀ ਪ੍ਰਗਟ ਕਰਕੇ ਸੰਘਰਸ਼ ਜਾਰੀ ਰੱਖਣ ‘ਮੈਂ ਦਾਵੇ ਨਾਲ ਕਹਿੰਦਾ ਹਾਂ ਕਿ ਭਵਿਖ ਵਿਚ ਵਿੱਚ ਹਰ ਮੈਦਾਨੇ ਫਤਿਹ ਗੁਰੂ ਪੰਥ ਖਾਲਸੇ ਦੀ ਹੋਵੇਗੀ’।
Punjab Post Daily Online Newspaper & Print Media