
ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ ਸੱਗੂ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਦੇਸ਼ ਵਿਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿਰੁੱਧ ਵਧ ਰਹੀ ਫਿਰਕੂ ਅਸਹਿਣਸ਼ੀਲਤਾ ਅਤੇ ਤਰਕਸ਼ੀਲ ਸਾਹਿਤਕਾਰਾਂ ਦੇ ਦਾਦਰੀ ਕਾਂਡ ਦੀਆਂ ਹੱਤਿਆਵਾਂ ਦੇ ਵਿਰੋਧ ਵਿਚ ਹਾਲ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਮੌਜੂਦਾ ਫਿਰਕੂ ਅਤੇ ਫਾਸ਼ੀਵਾਦੀ ਹਮਲਿਆਂ ਪ੍ਰਤੀ ਮੋਦੀ ਸਰਕਾਰ ਵਲੋਂ ਧਾਰੀ ਸਾਜਿਸ਼ੀ ਚੁੱਪ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕੁਝ ਫਿਰਕੂ ਸੰਗਠਨਾਂ ਵਲੋਂ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਦੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ, ਆਜ਼ਾਦਾਨਾ ਤੌਰ ‘ਤੇ ਲਿਖਣ, ਬੋਲਣ, ਖਾਣ-ਪੀਣ, ਕਿਸੇ ਧਰਮ ਨੂੰ ਮੰਨਣ ਜਾਂ ਬਿਲਕੁਲ ਨਾ ਮੰਨਣ ਅਤੇ ਅਸਹਿਮਤੀ ਦੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਸੰਵਿਧਾਨਕ ਹੱਕਾਂ ਉਤੇ ਗੁੱਝੀ ਪਾਬੰਦੀ ਲਾਈ ਜਾ ਰਹੀ ਹੈ ਅਤੇ ਵਿਰੋਧ ਕਰਨ ਵਾਲੇ ਤਰਕਸ਼ੀਲ ਸਾਹਿਤਕਾਰਾਂ ਅਤੇ ਪੱਤਰਕਾਰਾਂ-ਤਰਕਸ਼ੀਲਾਂ ਉਤੇ ਫਿਰਕੂ ਹਮਲੇ ਕਰਕੇ ਦੇਸ਼ ਵਿਚ ਭਗਵਾ ਫਾਸ਼ੀਵਾਦ ਫੈਲਾਇਆ ਜਾ ਰਿਹਾ ਹੈ, ਜੋ ਕਿ ਨਾਗਰਿਕਾਂ ਦੇ ਜਮਹੂਰੀ ਹੱਕਾਂ ਉਤੇ ਸਿੱਧਾ ਹਮਲਾ ਹੈ।
ਐਡਵੋਕੇਟ ਅਮਰਜੀਤ ਬਾਈ ਨੇ ਮੋਦੀ ਸਰਕਾਰ ਉਤੇ ਦੋਸ਼ ਲਾਇਆ ਕਿ ਉਹ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਧਾਰਮਿਕ ਕੱਟੜਵਾਦ, ਜਾਤ-ਪਾਤ, ਪਾਖੰਡਵਾਦ ਰੂੜੀਵਾਦੀ ਰਵਾਇਤਾਂ ਅਤੇ ਪਾਖੰਡੀ ਬਾਬਿਆਂ ਅਤੇ ਡੇਰਿਆਂ ਦੀ ਫਿਰਕੂ ਤੇ ਭ੍ਰਿਸ਼ਟ ਰਾਜਨੀਤੀ ਕਰਕੇ ਆਮ ਲੋਕਾਂ ਨੂੰ ਅੰਧਵਿਸ਼ਵਾਸ਼ਾਂ, ਧਾਰਮਿਕ ਕੱਟੜਵਾਦ, ਕਾਰਪੋਰੇਟ ਸੈਕਟਰ ਦੀ ਅੰਨ੍ਹੀ ਲੁੱਟ ਅਤੇ ਗਰੀਬੀ ਦੇ ਮੱਕੜ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਸੋਸ਼ਣ ਕਰ ਰਹੀ ਹੈ।ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਮਝੈਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਵਿਦਿਅਕ, ਸਭਿਆਚਾਰਕ, ਸਾਹਿਤਕ ਕਲਾ ਦੀਆਂ ਸਰਕਾਰੀ ਸੰਸਥਾਵਾਂ ਵਿਚ ਫਿਰਕੂ ਸੋਚ ਵਾਲੇ ਤੇ ਗੈਰ ਤਜਰਬੇਕਾਰ ਵਿਅਕਤੀ ਨਿਯੁਕਤ ਕਰਕੇ ਸਿਖਿਆ, ਸਾਹਿਤ, ਕਲਾ ਅਤੇ ਸਭਿਆਚਾਰ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ।
ਬਲਵੰਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਦੇਸ਼ ਦੇ ਪ੍ਰਸਿਧ ਪ੍ਰਗਤੀਸ਼ੀਲ ਸਾਹਿਤਕਾਰਾਂ, ਫਿਲਮਕਾਰਾਂ, ਚਿੱਤਰਕਾਰਾਂ, ਤਰਕਸ਼ੀਲਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਰੋਸ ਵਜੋਂ ਆਪਣੇ ਇਨਾਮ ਸਨਮਾਨ ਵਾਪਸ ਕਰਨ ਦੇ ਦਲੇਰਾਨਾ ਫੈਸਲਿਆਂ ਦੀ ਜ਼ੋਰਦਾਰ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਅਤੇ ਫਿਰਕੂ ਸੰਗਠਨਾਂ ਦੇ ਲੋਕ ਵਿਰੋਧੀ ਮਨਸੂਬਿਆਂ ਅਤੇ ਫਾਸ਼ੀਵਾਦੀ ਹਮਲਿਆਂ ਦਾ ਡਟਵਾਂ ਜਵਾਬ ਦੇਣ ਲਈ ਆਪਣੀ ਜਥੇਬੰਦਕ ਏਕਤਾ ਬਣਾਈ ਰੱਖਣ ਦੇ ਨਾਲ-ਨਾਲ ਆਪਣੇ ਸੰਘਰਸ਼ ਅਤੇ ਕਲਮਾਂ ਦੀ ਧਾਰ ਨੂੰ ਹੋਰ ਤਿੱਖਿਆਂ ਕਰਨ।
ਇਸ ਮੌਕੇ ਤਰਕਸ਼ੀਲ ਆਗੂਆਂ ਨੇ ਮੋਦੀ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਤਰਕਸ਼ੀਲ ਸਾਹਿਤਕਾਰਾਂ ਅਤੇ ਆਗੂਆਂ ਡਾ. ਨਰਿੰਦਰ ਦਾਭੋਲਕਰ, ਗੋਵਿੰਦ ਪੰਸਾਰੇ ਅਤੇ ਪ੍ਰੋ. ਐਮ.ਐਮ ਕਲਬੁਰਗੀ ਦੀਆਂ ਸਾਜਿਸ਼ੀ ਹੱਤਿਆਵਾਂ ਸਮੇਤ ਦਾਦਰੀ ਹੱਤਿਆ ਕਾਂਡ ਦੀ ਸੀ.ਬੀ.ਆਈ ਤੋਂ ਨਿਰਪਖ ਜਾਂਚ ਕਰਵਾ ਕੇ ਜ਼ਿੰਮੇਵਾਰ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ ਅਤੇ ਵਿਗਿਆਨਕ ਵਿਚਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਯਕੀਨੀ ਬਣਾਈ ਜਾਵੇ। ਦੇਸ਼ ਵਿਚ ਅਸਹਿਮਤੀ ਦੇ ਵਿਚਾਰ ਪ੍ਰਤੀ ਵੱਧ ਰਹੀ ਫਿਰਕੂ ਅਸਹਿਣਸ਼ੀਲਤਾ ਅਤੇ ਫਾਸ਼ੀਵਾਦੀ ਹਮਲਿਆਂ ਲਈ ਜ਼ਿੰਮੇਵਾਰ ਫਿਰਕੂ ਸੰਗਠਨਾਂ ਉਤੇ ਸਖ਼ਤ ਪਾਬੰਦੀ ਲਾਈ ਜਾਵੇ।ਇਸ ਮੌਕੇ ਫਿਲਮ ਤੇ ਟੀ.ਵੀ ਸੰਸਥਾ ਪੁਣੇ ਦੇ ਚੇਅਰਮੈਨ ਗਜੇਂਦਰ ਚੌਹਾਨ ਨੂੰ ਹਟਾਉਣ ਅਤੇ ਗਊ ਮਾਸ ਵਿਵਾਦ ਉਤੇ ਵਧ ਰਹੀ ਅਸਹਿਣਸ਼ੀਲਤਾ ਨੂੰ ਰੋਕਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਤਰਕਸ਼ੀਲ ਆਗੂ ਇੰਦਰ ਸਿੰਘ ਮਾਨ, ਅਮਰਜੀਤ ਕੋਹਾਲੀ, ਮੇਜਰ ਸਿੰਘ, ਵਿਦਿਆਥੀ ਆਗੂ ਵਿਜੇ ਜੰਡਿਆਲਾ, ਹਰਪ੍ਰੀਤ ਸਿੰਘ ਤੋਂ ਇਲਾਵਾ ਨਾਗਰ ਮੱਲ, ਵਰਿੰਦਰ ਕੌਰ, ਸ਼ਮਸ਼ੇਰ ਹੇਰ, ਮੁਖਤਿਆਰ ਗੋਪਾਲਪੁਰਾ ਨੇ ਵੀ ਸੰਬੋਧਨ ਕੀਤਾ। ਸੁਖਬੀਰ ਸਿੰਘ, ਸੁਖਮੀਤ ਸਿੰਘ, ਅਰੂੜ ਚੰਦ, ਡਾ. ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਆਦਿ ਤਰਕਸ਼ੀਲ ਮੈਂਬਰ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
Punjab Post Daily Online Newspaper & Print Media