ਸੰਦੌੜ, 6 ਨਵੰਬਰ (ਹਰਮਿੰਦਰ ਸਿੰਘ ਭੱਟ)- ਅੱਜ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਤੋਂ ਬਾਅਦ ਹਜ਼ਰਤ ਮੋਲਾਨਾ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਨੇ ਅਪਣੇ ਦਸਤੇ ਮੁਬਾਰਕ ਦੇ ਨਾਲ ਸ਼ਾਹੀ ਮਸਜਿਦ ਸ਼ੇਰਵਾਨੀ ਕੋਟ ਦੇ ਨਵੇਂ ਉਸਾਰੇ ਜਾ ਰਹੇ ਸ਼ਾਨਦਾਰ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਹਾਜ਼ਰ ਸੈਂਕੜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਸਜਿਦਾਂ ਅੱਲ੍ਹਾ ਦਾ ਘਰ ਹਨ ਇਹ ਲੋਕਾਂ ਦੀ ਨੈਤਿਕਤਾ ਵਿੱਚ ਆ ਰਹੀ ਗਿਰਾਵਟ ਨੂੰ ਨਿਯੰਤਰਣ ਕਰਣ ਦਾ ਕੰਮ ਕਰਦੀਆਂ ਹਨ। ਇੱਥੋਂ ਲੋਕ ਸਮਾਜ ਵਿੱਚ ਵਿਚਰਣ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਜਿਸ ਨਾਲ ਸਮਾਜ ਵਿੱਚ ਫੈਲ ਰਹੀਆਂ ਸੈਂਕੜੇ ਬੁਰਾਈਆਂ ਦਾ ਪਤਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਰਆਨ ਸਾਡਾ ਦੀਨੀਂ ਅਤੇ ਦੁਨਿਆਵੀ ਦੋਵੇਂ ਖੇਤਰਾਂ ਵਿੱਚ ਮਾਰਗ ਦਰਸ਼ਕ ਹੈ ਇਹ ਸਾਨੂੰ ਲਾਲਚ ਤੋਂ ਬਚਣ ਦੀ ਨਸੀਹਤ ਕਰਦਾ ਹੈ ਕਿਉਂਕਿ ਲਾਲਚ ਹੀ ਦੁਨੀਆਂ ਵਿੱਚ ਸਾਰੇ ਝਗੜੇ ਫਸਾਦਾਂ ਦੀ ਜੜ੍ਹ ਹੈ। ਸ਼੍ਰੀ ਉਸਮਾਨੀ ਨੇ ਕਿਹਾ ਕਿ ਇਸ ਲਾਲਚ ਦੇ ਕਾਰਣ ਹੀ ਬਹੁਤ ਸਾਰੇ ਸ਼ਾਸ਼ਕਾਂ ਦਾ ਬੁਰਾ ਅੰਤ ਹੋਇਆ ਉਨ੍ਹਾਂ ਦੀਆਂ ਹਕੂਮਤਾਂ ਦਾ ਅੱਜ ਨਾਮ-ਨਿਸ਼ਾਨ ਵੀ ਬਾਕੀ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਕੁਰਆਨ ਸਾਨੂੰ ਸਬਰ ਸੰਤੋਖ ਨਾਲ ਜਿੰਦਗੀ ਬਤੀਤ ਕਰਣ ਦੀ ਸਿੱਖਿਆ ਦਿੰਦਾ ਹੈ। ਸਬਰ ਸੰਤੋਖ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ। ਉਹ ਲੋਕ ਹੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ ਜੋ ਬਿਨ੍ਹਾਂ ਕਿਸੇ ਲਾਲਚ ਦੇ ਸਖਤ ਮਿਹਨਤ ਕਰਦੇ ਹਨ। ਮੁਫਤੀ-ਏ-ਆਜ਼ਮ ਸ਼੍ਰੀ ਉਸਮਾਨੀ ਨੇ ਕਿਹਾ ਕਿ ਮਨੁੱਖ ਜੇਕਰ ਅਪਣੀਆਂ ਇਛਾਵਾਂ ਤੇ ਕਾਬੂ ਕਰ ਲਵੇ ਤਾਂ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਿਆ ਰਹਿ ਸਕਦਾ ਹੈ ਅਤੇ ਸਦਭਾਵਨਾ ਵਾਲਾ ਜੀਵਨ ਬਤੀਤ ਕਰਦਾ ਹੈ। ਮੁਫਤੀ-ਏ-ਆਜ਼ਮ ਨੇ ਕਿਹਾ ਕਿ ਸ਼ੇਰਵਾਨੀ ਕੋਟ ਵਿਖੇ ਚੱਲ ਰਹੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਕੂਲ ਤਰੱਕੀ ਦੀਆਂ ਮੰਜਿਲਾਂ ਤਹਿ ਕਰ ਰਿਹਾ ਹੈ। ਮਾਲੇਰਕੋਟਲਾ ਦੇ ਆਲੇ-ਦੁਆਲੇ ਕਿਸੇ ਵੀ ਪਿੰਡ ਵਿੱਚ ਅਜਿਹਾ ਕੋਈ ਇਸਲਾਮੀਆ ਸਕੂਲ ਨਹੀਂ ਹੈ ਜਿਸ ਵਿੱਚ ਇੰਨੀ ਜਿਆਦਾ ਸੰਖਿਆ ਵਿੱਚ ਬੱਚੇ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹੋਣ। ਇਹ ਸਕੂਲ ਇਲਾਕੇ ਦੇ ਲੋਕਾਂ ਲਈ ਚਾਨਣ ਮੁਨਾਰਾ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਸਿੱਖਿਆ ਦਾ ਪਸਾਰ ਕਰਣ ਦੇ ਲਈ ਅਜਿਹੇ ਸਕੂਲਾਂ ਦੀ ਸਖਤ ਜਰੂਰਤ ਹੈ। ਸ਼੍ਰੀ ਉਸਮਾਨੀ ਨੇ ਕਿਹਾ ਕਿ ਹਾਫਿਜ ਨੂਰ-ਉਲ-ਹਸਨ ਅਤੇ ਪ੍ਰਬੰਧਕੀ ਕਮੇਟੀ ਮੁਬਾਰਕਬਾਦ ਦੇ ਪਾਤਰ ਹਨ ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਕਾਰਣ ਸਕੂਲ ਇਸ ਮੁਕਾਮ ਨੂੰ ਪ੍ਰਾਪਤ ਕਰਣ ਵਿੱਚ ਸਫਲ ਹੋਇਆ ਹੈ। ਇਸ ਸਮਾਗਮ ਵਿੱਚ ਸ਼ਹਿਰ ਦੇ ਨਾਮਵਰ ਸਮਾਜ ਸੇਵਕ ਹਾਜੀ ਮੁਹੰਮਦ ਸ਼ਮਸ਼ਾਦ, ਮੁਹੰਮਦ ਉਮੈਰ ਉਸਮਾਨੀ, ਕੋਚ ਮੁਹੰਮਦ ਸਲੀਮ ਬਖਸ਼ੀ, ਸਮਾਜ ਸੇਵਕ ਮਹਿਮੂਦ, ਮੁਹੰਮਦ ਸ਼ਬੀਰ ਬਿੱਲੂ ਵੀ ਹਾਜ਼ਰ ਸਨ। ਇਸ ਮੌਕੇ ਤੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਸ਼ੇਰਵਾਨੀ ਕੋਟ ਦੇ ਬਾਨੀ ਹਾਫਿਜ ਨੂਰ-ਉਲ-ਹਸਨ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media