Monday, August 10, 2026

ਸਰਕਾਰ ਵੱਲੋਂ ਰਜਿਸਟਰੀ ਸਮੇਂ ਐਨ.ਓ.ਸੀ ਖਤਮ – ਲੋਕਾਂ ਨੂੰ ਵੱਡੀ ਰਾਹਤ

Ashwani Sharma

ਪਠਾਨਕੋਟ, 8 ਨਵੰਬਰ (ਪ.ਪ) – ਪੰਜਾਬ ਸਰਕਾਰ ਨੇ ਪਤੀ ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਦੇ ਤਬਾਦਲੇ ‘ਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਲੱਗਣ ਵਾਲੀ ਰਜਿਸਟਰੀ ਫੀਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਕਾਨੂੰਨੀ ਢੰਗ ਨਾਲ ਰਜਿਸਟਰੇਸ਼ਨ ਲਈ ਉਤਸ਼ਾਹਿਤ ਕਰਨ ਵਾਸਤੇ ਇਹ ਫੈਸਲਾ ਲਿਆ ਹੈ ਤਾਂ ਜੋ ਪਰਿਵਾਰਾਂ ਅੰਦਰ ਜਾਇਦਾਦ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਵਾਦ ਨਾ ਹੋਣ।
ਸ਼੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਲੋਕਾਂ ਦੀ ਸਹੂਲਤ ਲਈ ਜਮੀਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਸੇਵਾਵਾਂ ਨੂੰ ਸੁਚੱਜੇ ਢੰਗ ਨਾਲ ਪ੍ਰਦਾਨ ਕਰਨ ਵਿੱਚ ਅਹਿਮ ਯਤਨ ਕੀਤੇ ਗਏ ਹਨ ਅਤੇ ਇਸੇ ਕੜੀ ਦਾ ਇਹ ਹਿੱਸਾ ਹੈ ਕਿ ਪਤੀ ਪਤਨੀ ਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਦੇ ਤਬਾਦਲੇ ‘ਤੇ ਕੋਈ ਰਜਿਸਟਰੀ ਫੀਸ ਨਹੀਂ ਲੱਗੇਗੀ। ਉਨ੍ਹਾਂ ਦੱਸਿਆ ਕਿ ਪਤੀ ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਵਟਾਂਦਰੇ ‘ਤੇ ਰਜਿਸਟਰੀ ਫੀਸ ਦੀ ਛੋਟ ਦੇ ਇਸ ਨਿਰਣੇ ਦਾ ਪਤੀ ਪਤਨੀ ਤੋਂ ਇਲਾਵਾ ਮਾਤਾ-ਪਿਤਾ, ਭਰਾ-ਭੈਣ, ਪੁੱਤਰ-ਧੀ ਅਤੇ ਪੋਤੇ-ਪੋਤੀਆਂ ਨੂੰ ਵੀ ਲਾਭ ਮਿਲੇਗਾ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਜਮੀਨ ਦੀ ਰਜਿਸਟਰੀ ਕਰਵਾਉਣ ਸਮੇਂ ਐਨ.ਓ.ਸੀ ਦੀ ਜਰੂਰਤ ਨੂੰ ਖਤਮ ਕਰਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਜਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ, ਜਿਸ ਨਾਲ ਫਰਦ ਕੇਂਦਰਾਂ ਵਿਚੋਂ 20 ਮਿੰਟ ਦੇ ਅੰਦਰ ਫਰਦ ਦੀ ਕਾਪੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਸਹੂਲਤ ਨਾਲ ਪ੍ਰਵਾਸੀ ਭਾਰਤੀ ਵਿਦੇਸ਼ਾਂ ਅੰਦਰ ਬੈਠ ਕੇ ਆਪਣੀ ਜਮੀਨੀ ਜਾਇਦਾਦ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਜਾਇਦਾਦ ਦੀ ਵਿਕਰੀ ਅਤੇ ਕਬਜੇ ਦੇ ਤਬਾਦਲੇ ਦੇ ਮੰਤਵ ਲਈ ਦਿੱਤੇ ਜਾਂਦੇ ਮੁਖਤਿਆਰਨਾਮੇ ਨੂੰ ਦਰਜ ਕਰਵਾਉਣ ‘ਤੇ ਲੱਗਦੀ ਅਸ਼ਟਾਮ ਡਿਊਟੀ ਨੂੰ ਸਹੀ ਮਾਅਨਿਆਂ ਵਿੱਚ ਸਿਫਰ ਪੈਸੇ ‘ਤੇ ਲਿਆ ਦਿੱਤਾ ਹੈ, ਕਿਉਂਕਿ ਜਿੱਥੇ ਮੌਜੂਦਾ 2 ਫੀਸਦੀ ਦਰ ਨੂੰ ਘਟਾ ਕੇ 0.5 ਫੀਸਦੀ ਕਰ ਦਿੱਤਾ ਗਿਆ ਹੈ, ਉੱਥੇ ਇਹ ਰਕਮ ਵੀ ਅੱਗੇ ਸਬੰਧਿਤ ਜਾਇਦਾਦ ਦੀ ਡੀਡ ਵਿਕਰੀ ਮੌਕੇ ਅਦਾ ਕੀਤੀ ਜਾਣ ਵਾਲੀ ਅਸ਼ਟਾਮ ਡਿਊਟੀ ਵਿੱਚ ਅਡਜਸਟ ਕੀਤੀ ਜਾਵੇਗਾ ਤੇ ਬਾਕੀ ਮੁਖਤਿਆਰਨਾਮਿਆਂ ‘ਤੇ ਅਸ਼ਟਾਮ ਡਿਊਟੀ 2 ਹਜਾਰ ਰੁਪਏ ਹੀ ਰਹਿ ਜਾਵੇਗੀ।
ਵਿਧਾਇਕ ਹਲਕਾ ਪਠਾਨਕੋਟ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ ਇੱਕ ਫੋਨ ਕਾਲ ‘ਤੇ ਉਪਲੱਬਧ ਕਰਵਾਉਣ ਦਾ ਨਿਵੇਕਲਾ ਉਦਮ ਉਠਾਇਆ ਹੈ। ਲੋਕਾਂ ਦੀ ਸਹੂਲਤ ਲਈ ਵੱਖ ਵੱਖ ਹੈਲਪ ਲਾਈਨਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਸ਼ੁਰੂ ਕੀਤੀ ਗਈ 168 ਨੰਬਰ ਹੈਲਪ ਲਾਈਨ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਨਾਲ ਮਾਲ ਵਿਭਾਗ ਦੇ ਕੰਮ ਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਸ਼ਤਾ ਲਿਆਵੇਗੀ। ਇਸ ਹੈਲਪ ਲਾਈਨ ਰਾਹੀਂ ਜਮੀਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਸ੍ਰੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਜਮੀਨੀ ਰਿਕਾਰਡ ਸਬੰਧੀ ਸੂਚਨਾ ਜਾਂ ਮਾਲ ਵਿਭਾਗ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਡਾਇਲ 168 ਜਾਂ 1800-1800-168 ਟੋਲ ਫ੍ਰੀ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਉਕਤ ਹੈਲਪ ਲਾਈਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਪਹਿਲੇ ਹਿੱਸੇ ਵਿੱਚ ਜਮੀਨੀ ਰਿਕਾਰਡ ਅਤੇ ਜਾਇਦਾਦਾਂ ਦੀ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ, ਦੂਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਇੱਕ ਫੋਨ ਕਾਲ ਜਰੀਏ ਮਾਲ ਵਿਭਾਗ ਵਿੱਚ ਵਿਚਾਰ ਅਧੀਨ ਮਾਮਲਿਆਂ ਬਾਰੇ ਤਾਜਾ ਜਾਣਕਾਰੀ, ਵਿਭਾਗ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਤੋਂ ਇਲਾਵਾ ਇੰਤਕਾਲ, ਖਸਰਾ ਗਰਦਾਵਰੀ ਦੀ ਤਬਦੀਲੀ ਅਤੇ ਜਮੀਨ ਦੀ ਨਿਸ਼ਾਨਦੇਹੀ ਬਾਰੇ ਸੂਚਨਾ ਲੈ ਸਕੇਗਾ। ਇਸੇ ਤਰ੍ਹਾਂ ਤੀਸਰੇ ਹਿੱਸੇ ਵਿੱਚ ਕੋਈ ਵੀ ਵਿਅਕਤੀ ਮਾਲ ਵਿਭਾਗ ਜਾਂ ਕਿਸੇ ਮਾਲ ਅਧਿਕਾਰੀ ਬਾਰੇ ਸ਼ਿਕਾਇਤ ਦਰਜ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਨੰਬਰ ‘ਤੇ ਫੋਨ ਕਰਨ ਵਾਲੇ ਹਰ ਵਿਅਕਤੀ ਨੂੰ ਇੱਕ ਨਿਵੇਕਲਾ ਨੰਬਰ ਦਿੱਤਾ ਜਾਵੇਗਾ ਅਤੇ ਉਸ ਵੱਲੋਂ ਲੋੜੀਂਦੀ ਜਾਣਕਾਰੀ ਨਿਰਧਾਰਿਤ ਸਮੇਂ ਦੌਰਾਨ ਪ੍ਰਦਾਨ ਕੀਤੀ ਜਾਵੇਗੀ। ਇਹ ਹੈਲਪ ਲਾਈਨ ਦੇਸ਼ ਭਰ ਅੰਦਰ ਸਵੇਰੇ ਸੱਤ ਤੋਂ ਸ਼ਾਮ ਸੱਤ ਵਜੇ ਤੱਕ ਉਪਲਬੱਧ ਹੋਵੇਗੀ ਅਤੇ ਪਰਵਾਸੀ ਸ਼ਿਕਾਇਤ ਕਰਤਾਵਾਂ ਲਈ ਇਹ ਦਿਨ ਰਾਤ ਉਪਲਬੱਧ ਹੋਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply