Wednesday, March 25, 2026

ਲੋਕ ਗੀਤ ਮੁਕਾਬਲਿਆਂ ਵਿੱਚ ਮਿਡਲ ਸਕੂਲ ਭਰਥਲਾ ਨੇ ਬਾਜੀ ਮਾਰੀ

ਦੂਜਾ ਸਥਾਨ ਪੰਜਗਰਾਈਆਂ ਸਕੂਲ ਤੇ ਤੀਜਾ ਘੁੰਗਰਾਲੀ ਸਿੱਖਾਂ ਨੇ ਕੀਤਾ ਪ੍ਰਾਪਤ

PPN1211201507

ਸਮਰਾਲਾ, 12 ਨਵੰਬਰ ( ਪ. ਪ) – ਅਧਿਆਪਕ ਚੇਤਨਾ ਮੰਚ ਸਮਰਾਲਾ ਜੋ ਪਿਛਲੇ 18 ਸਾਲਾਂ ਤੋਂ ਆਪਣੀ ਸਰਗਰਮ ਭੂਮਿਕਾ ਨਿਭਾ ਕੇ ਬੱਚਿਆਂ ਅੰਦਰ ਮੁਕਾਬਲੇ ਦੀ ਮਿਸ਼ਾਲ ਜਗਾ ਰਿਹਾ ਹੈ, ਉਸੇ ਲੜੀ ਤਹਿਤ ਆਪਣੇ ਦੂਜੇ ਪੜਾਅ ਅਧੀਨ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੇ ਲੋਕ ਗੀਤ/ਧਾਰਮਿਕ ਅਤੇ ਸਭਿਆਚਾਰਕ ਗੀਤ ਮੁਕਾਬਲੇ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਇਲਾਕੇ ਦੇ 20 ਵੱਖ ਵੱਖ ਸਕੂਲਾਂ ਦੇ 34 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਲੋਕ ਗੀਤ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਮੁਖੀ ਮੇਘ ਦਾਸ ਜਵੰਦਾ (ਸਟੇਟ ਐਵਾਰਡੀ) ਨੇ ਸਭ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਅਧਿਆਪਕ ਚੇਤਨਾ ਮੰਚ ਵੱਲੋਂ ਬੱਚਿਆਂ ਪ੍ਰਤੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਉਹ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਨ ਕਿ ਅਧਿਆਪਕ ਚੇਤਨਾ ਮੰਚ ਨੇ ਇਲਾਕੇ ਵਿੱਚੋਂ ਉਨ੍ਹਾਂ ਦਾ ਸਕੂਲ ਮੁਕਾਬਲੇ ਲਈ ਚੁਣ ਕੇ ਉਨ੍ਹਾਂ ਨੂੰ ਮਾਣ ਦਿੱਤਾ ਹੈ। ਇਸ ਲੋਕ ਗੀਤ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਪੰਜਾਬ ਦੇ ਪ੍ਰਸਿੱਧ ਗਾਇਕ ਬਲਵਿੰਦਰ ਸਿੰਘ ਮਾਂਗਟ, ਕੇਸਰ ਸਿੰਘ ਮਾਣਕੀ ਅਤੇ ਪ੍ਰਸਿੱਧ ਸੰਗੀਤਕਾਰ ਜਸਵੰਤ ਸਿੰਘ ਖਾਲਸਾ ਨੇ ਨਿਭਾਈ। ਇਸ ਸਾਰੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਰਮਨਦੀਪ ਕੌਰ ਨੇ ਨਿਭਾਉਂਦੇ ਹੋਏ, ਦਰਸ਼ਕਾਂ ਨੂੰ ਕੀਲ ਕੇ ਰੱਖਿਆ।
34 ਬੱਚਿਆਂ ਦੁਆਰਾ ਆਪਣੇ ਫਨ ਦਾ ਮੁਜਾਹਰਾ ਇਸ ਤਰ੍ਹਾਂ ਕੀਤਾ ਗਿਆ ਕਿ ਦਰਸ਼ਕਾਂ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਅਤੇ ਜੱਜਾਂ ਨੂੰ ਆਪਣੀ ਜੱਜਮੈਂਟ ਦੇਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅਖੀਰ ਵਿੱਚ ਪਲਮਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਭਰਥਲਾ ਨੇ ‘ਜੱਗਾ’ ਗਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਹਰਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਨੇ ‘ਮਿੱਟੀ ਦਾ ਬਾਵਾ’ ਗਾ ਕੇ ਦੂਜਾ ਸਥਾਨ ਹਾਸਲ ਕੀਤਾ। ਰਾਜਵਿੰਦਰ ਕੌਰ ਅਤੇ ਰਮਨਜੋਤ ਕੌਰ ਸਰਕਾਰੀ ਸੀਨੀ: ਸੈਕੰ: ਸਕੂਲ ਘੁੰਗਰਾਲੀ ਸਿੱਖਾਂ ਨੇ ਜਬਰਦਸਤ ਮੁਕਾਬਲਾ ਦਿੰਦੇ ਹੋਏ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਅਧਿਆਪਕ ਚੇਤਨਾ ਮੰਚ ਵੱਲੋਂ ਕਰਵਾਏ ਜਾਂਦੇ ਅਜਿਹੇ ਵਿੱਦਿਅਕ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਬੇਦੀ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।  ਇਸ ਪ੍ਰੋਗਰਾਮ ਵਿੱਚ ਐਸ. ਸੀ. ਆਰ. ਟੀ. ਪੰਜਾਬ ਦੇ ਡਿਪਟੀ ਡਾਇਰੈਕਟਰ ਮਨੋਜ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਧਿਆਪਕ ਚੇਤਨਾ ਮੰਚ ਜੋ ਸਮਰਾਲਾ ਇਲਾਕੇ ਅੰਦਰ ਵਿੱਦਿਆ ਦੇ ਉਥਾਨ ਲਈ ਕਾਰਜ ਕਰ ਰਹੀ ਹੈ, ਉਹ ਅਤਿਅੰਤ ਸ਼ਲਾਘਾਯੋਗ ਹਨ ਅਤੇ ਉਹ ਹਮੇਸ਼ਾਂ ਆਪਣੇ ਦਿਲੋਂ ਮੰਚ ਨਾਲ ਜੁੜੇ ਰਹਿਣਗੇ ਅਤੇ ਜਦੋਂ ਵੀ ਮੰਚ ਨੂੰ ਮੇਰੀ ਜਰੂਰਤ ਹੋਵੇਗੀ ਤਾਂ ਉਹ ਹਾਜਰ ਹੋਣਗੇ।
ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮੰਚ ਦਾ ਉਦੇਸ਼ ਪੜ੍ਹਾਈ ਦੇ ਨਾਲ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ ਹੈ, ਜਿਸ ਨਾਲ ਇਹ ਬੱਚੇ ਆਉਣ ਵਾਲੇ ਮੁਕਾਬਲੇ ਵਾਲੇ ਸਮੇਂ ਦਾ ਟਾਕਰਾ ਕਰ ਸਕਣ। ਇਸ ਮੰਚ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਨੇ ਵੀ 18 ਸਾਲ ਪਹਿਲਾਂ ਇਹੀ ਸੁਪਨਾ ਲੈ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਅਖੀਰ ਵਿੱਚ ਮੰਚ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਬੱਚਿਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਮੰਚ ਦੇ ਮੈਂਬਰ ਡਾ. ਪਰਮਿੰਦਰ ਸਿੰਘ ਬੈਨੀਪਾਲ ਸਰਪ੍ਰਸਤ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ ਰਿਟਾ: ਮੁੱਖ ਅਧਿਆਪਕ, ਰਘਵੀਰ ਸਿੰਘ ਸਿੱਧੂ, ਕਮਲਜੀਤ ਘੁੰਗਰਾਲੀ ਸਿੱਖਾਂ, ਸੁਰਿੰਦਰ ਵਰਮਾ, ਹਰਦਮਨਦੀਪ ਸਿੰਘ ਨਾਗਰਾ, ਚਰਨਜੀਤ ਸਿੰਘ ਮਾਛੀਵਾੜਾ, ਵੀਰਇੰਦਰ ਸਿੰਘ, ਮੈਡਮ ਊਸ਼ਾ, ਸਤਿੰਦਰਪਾਲ ਸਿੰਘ ਬੇਗੋਵਾਲ, ਇੰਦਰਜੀਤ ਸਿੰਘ ਕੰਗ, ਮਾਸਟਰ ਬਲਵੀਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ। ਅਖੀਰ ਵਿੱਚ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਤਿੰਨਾਂ ਜੱਜਾਂ ਅਤੇ ਸਰਕਾਰੀ ਮਿਡਲ ਸਕੂਲ ਭਰਥਲਾ ਨੂੰ ਮੰਚ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply