ਬਠਿੰਡਾ, 13 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਗਰ ਨਿਗਮ ਅਧਿਕਾਰੀਆਂ ਵੱਲੋਂ ਕਾਂਗਰਸ ਪਾਰਟੀ ਦੀਆਂ ਸ਼ਹਿਰ ਅੰਦਰ ਲਗਾਈਆਂ ਫਲੈਕਸਾਂ ਪਾੜੇ ਜਾਣ ਅਤੇ ਵਰਕਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਖਿਲਾਫ ਜਿਲ੍ਹਾ ਕਾਂਗਰਸ (ਸ਼ਹਿਰੀ) ਵੱਲੋਂ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਨਗਰ ਨਿਗਮ ਦਫਤਰ ਅੱਗੇ ਰੋਸ਼ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਰੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਜੱਥੇਦਾਰਾਂ ਵਾਲਾ ਰੋਲ ਅਦਾ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ।ਜੱਸੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਇਸ਼ਾਰੇ ਤੇ ਕੁੱਝ ਮੁਲਾਜਮਾਂ ਵੱਲੋਂ ਕਾਂਗਰਸ ਪਾਰਟੀ ਦੇ ਸ਼ਹਿਰ ਅੰਦਰ ਲੱਗੇ ਦੋ ਫਲੈਕਸ ਬਿਨਾਂ ਵਜ੍ਹਾ ਪਾੜ ਦਿੱਤੇ ਗਏ ਹਨ, ਜਦੋਂ ਕਿ ਉਕਤ ਫਲੈਕਸ ਪ੍ਰਾਈਵੇਟ ਜਗ੍ਹਾਂ ਉੱਪਰ ਲਗਾਏ ਗਏ ਸਨ, ਉਹਨਾਂ ਕਿਹਾ ਕਿ ਫਲੈਕਸ ਪਾੜਨ ਜਾਂ ਲਾਹੁਣ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ, ਪਰ ਕਾਂਗਰਸ ਪਾਰਟੀ ਦੇ ਫਲੈਕਸਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾਂ ਤੋਂ ਕਾਂਗਰਸ ਪਾਰਟੀ ਦੇ ਫਲੈਕਸ ਪਾੜੇ ਗਏ ਹਨ, ਉਸਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਦੇ ਫਲੈਕਸ ਵੀ ਲੱਗੇ ਹੋਏ ਹਨ, ਪਰ ਨਗਰ ਨਿਗਮ ਅਧਿਕਾਰੀਆਂ ਨੂੰ ਉਹ ਨਜਰ ਨਹੀਂ ਆਏ।
ਜੱਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਲੋਕਾਂ ਵਿੱਚ ਜਾਣ ਤੋਂ ਇਸ ਕਦਰ ਡਰ ਰਹੇ ਹਨ ਕਿ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿੱਕਲ ਰਹੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਹੁਣ ਲੋਕਾਂ ਵਿੱਚ ਜਾ ਕੇ ਸੰਗਤ ਦੇ ਦਰਸ਼ਨ ਕਰਨੇ ਚਾਹੀਦੇ ਹਨ। ਜੱਸੀ ਨੇ ਕਿਹਾ ਕਿ ਅੱਜ ਦਾ ਨਗਰ ਨਿਗਮ ਦੇ ਦਫਤਰ ਅੱਗੇ ਦਿੱਤਾ ਗਿਆ ਰੋਸ਼ ਧਰਨਾ ਸੰਕੇਤਕ ਅਤੇ ਚੇਤਾਵਨੀ ਦੇ ਰੂਪ ਵਿੱਚ ਸੀ ਤੇ ਜੇਕਰ ਨਗਰ ਨਿਗਮ ਅਧਿਕਾਰੀਆਂ ਨੇ ਆਪਣਾ ਰਵੱਈਆ ਨਾ ਸੁਧਾਰਿਆ, ਤਾਂ ਨਗਰ ਨਿਗਮ ਦਫਤਰ ਨੂੰ ਤਾਲਾ ਲਾਉਣ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਮੋਹਨ ਲਾਲ ਝੁੰਬਾ ਜਿਲ੍ਹਾ ਪ੍ਰਧਾਨ ਕਾਂਗਰਸ (ਸ਼ਹਿਰੀ), ਕੇ.ਕੇ. ਅਗਰਵਾਲ, ਇੰਦਰ ਸਿੰਘ ਸਾਹਨੀ, ਜੀਤ ਮੱਲ, ਹਰਿ ਓਮ, ਐਮ.ਸੀ. ਰਾਮ ਹਲਵਾਈ, ਦਰਸ਼ਨ ਬਿੱਲੂ, ਮਲਕੀਤ ਸਿੰਘ, ਬੇਅੰਤ ਰੰਧਾਵਾ, ਰਾਜਾ ਸਿੰਘ ਅਤੇ ਸ਼ੈਰੀ ਗੋਇਲ, ਹਿੰਮਤ ਬੇਦੀ, ਵਿਜੈ ਗੋਇਲ, ਸੁਖਪਾਲ ਸਿੰਘ, ਗੁਰਮੀਤ ਸੰਧੂ, ਨੰਦ ਲਾਲ ਸਿੰਗਲਾ, ਅਸ਼ੋਕ ਭੋਲਾ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media