
ਅੰਮ੍ਰਿਤਸਰ, 13 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਦੇ ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸੀ-ਪਾਈਟ ਕੈਂਪ ਰਣੀਕੇ ਵਿਖੇ ਫਿਜ਼ੀਕਲ ਅਤੇ ਲਿਖਤੀ ਪ੍ਰੀਖਿਆ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਜਿਸ ਲਈ ਸਕਰੀਨਿੰਗ ਟਰਾਇਲ 17 ਨਵੰਬਰ ਨੂੰ ਸਵੇਰੇ 9 ਵਜੇ ਹੋਣਗੇ। ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਰਣੀਕੇ ਦੇ ਕੈਂਪ ਐਡਜੂਟੈਂਟ/ਟ੍ਰੇਨਿੰਗ ਅਫ਼ਸਰ ਮੇਜਰ (ਸੇਵਾਮੁਕਤ) ਦਲਬੀਰ ਸਿੰਘ ਨੇ ਦੱਸਿਆ ਕਿ ਫਰਵਰੀ 2016 ਵਿਚ ਤਿੱਬੜੀ ਵਿਖੇ ਹੋਣ ਵਾਲੀ ਭਰਤੀ ਰੈਲੀ ਲਈ ਇੱਛੁਕ ਨੌਜਵਾਨ ਆਪਣਾ ਨਾਂਅ ਆਰਮੀ ਦੀ ਵੈਬਸਾਈਟ www.joinindianarmy.inc.in ਉਤੇ ਰਜਿਸਟਰਡ ਕਰਵਾਉਣ ਉਪਰੰਤ ਪ੍ਰਿੰਟ ਦੀ ਫੋਟੋ ਕਾਪੀ ਨਾਲ ਲੈ ਕੇ ਆਪਣਾ ਨਾਂਅ ਸੀ-ਪਾਈਟ ਕੈਂਪ ਵਿਚ ਦਰਜ ਕਰਵਾਉਣ।
ਉਨ੍ਹਾਂ ਦੱਸਿਆ ਕਿ ਭਰਤੀ ਲਈ ਵਿੱਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ ਦਸਵੀਂ ਪਾਸ ਜਾਂ 10+2 ਪਾਸ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਉਮਰ 17 ਸਾਲ 6 ਮਹੀਨੇ ਤੋਂ 21 ਸਾਲ, ਕੱਦ 170 ਸੈਂਟੀਮੀਟਰ, ਭਾਰ 50 ਕਿਲੋ ਅਤੇ ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼, ਖਾਣਾ ਅਤੇ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਭਰਤੀ ਸਬੰਧੀ ਲੋੜੀਂਦੇ ਕਾਗਜ਼ਾਤ ਲੈ ਕੇ ਸੀ-ਪਾਈਟ ਕੈਂਪ, ਆਈ ਟੀ ਆਈ ਰਣੀਕੇ (ਅੰਮ੍ਰਿਤਸਰ) ਵਿਖੇ ਰਿਪੋਰਟ ਕਰਨ।
Punjab Post Daily Online Newspaper & Print Media