ਨੌਜਵਾਨਾਂ ਨੇ ਲੈਕਚਰ ਲੜੀ ਨੂੰ ਦੱਸਿਆ ਗਿਆਨ ਵਰਧਕ
ਬਰੇਟਾ, 21 ਨਵੰਬਰ (ਪ.ਪ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਅਤੇ ਭਾਰਤ ਸਕਾਉਟ ਅਤੇ ਗਾਈਡ ਯੂਨਿਟਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਤਾਬਦੀ ਨੂੰ ਸਮਰਪਿਤ ਇੱਕ ਗਿਆਨ ਵਰਧਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਨਵਜੋਤ ਕੌਰ, ਸੁਖਪਾਲ ਸਿੰਘ ਅਤੇ ਟਿੰਕੂ ਦੇ ਗੀਤਾਂ ਨਾਲ ਕੀਤਾ ਗਿਆ। ਪਹਿਲੇ ਸ਼ੈਸਨ ਵਿੱਚ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਮਹੱਤਤਾ ਅਤੇ ‘ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਸੋਚ ਨੂੰ ਉਸਾਰਨ ਲਈ ਸਿੱਖਿਆ ਵਿੱਚ ਕੀ ਕੁੱਝ ਹੋਣਾ ਚਾਹੀਦਾ ਹੈ’ ਵਿਸ਼ੇ ਤੇ ਲੈਕ. ਦਰਸ਼ਨ ਸਿੰਘ ਬਰੇਟਾ ਨੇ ਜਾਣਕਾਰੀ ਦਿੱਤੀ। ਇਸ ਸ਼ੈਸਨ ਦੇ ਪ੍ਰਮੁੱਖ ਬੁਲਾਰੇ ਸੁਖਦਰਸ਼ਨ ਸਿੰਘ ਨੱਤ, ਡੈਮੋਕਰੇਟਿਕ ਇੰਮਲਾਈਜ਼ ਫਰੰਟ ਦੇ ਕਨਵੀਨਰ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਉਹਨਾਂ ਦੀ ਗਦਰ ਲਹਿਰ ਨੂੰ ਦੇਣ ਅਤੇ ਇਸ ਵਿੱਚ ਵਿਚਰਦਿਆਂ ਲੋਕਾਂ ਨੂੰ ਆਜ਼ਾਦੀ ਲਈ ਲਾਮਬੰਦ ਕਰਨ ਦੀ ਗੱਲ ਕਰਦਿਆਂ ਭਾਰਤ ਦੀਆਂ ਮੌਜੂਦਾਂ ਪ੍ਰਸਥਿਤੀਆਂ ਅਤੇ ਨੌਜਵਾਨਾਂ ਦੀ ਦਸ਼ਾਂ ਅਤੇ ਦਿਸ਼ਾਂ ਬਾਰੇ ਵਿਸਥਾਰ ਪੂਰਵਕ ਸੰਵਾਦ ਰਚਾਇਆ।ਨੌਜਵਾਨਾਂ ਨੇ ਲੈਕਚਰ ਉਪਰੰਤ ਕਈ ਤਿੱਖੇ ਸਵਾਲ ਵੀ ਕੀਤੇ।
ਦੂਸਰੇ ਸ਼ੈਸਨ ਦੌਰਾਨ ਗੁਰਜੀਤ ਸਿੰਘ ਸਟੇਟ ਰਿਸੋਰਸ ਪਰਸਨ ਸੰਗਰੂਰ ਵੱਲੋਂ ‘ਪੰਜਾਬ ਦਾ ਇਤਿਹਾਸ ਵਿਦਿਆਰਥੀ ਕਿਵੇਂ ਰੋਚਕ ਢੰਗ ਨਾਲ ਸਿੱਖਣ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਦੇ ਸ਼ਾਨਾਂ ਮੱਤੀ ਇਤਿਹਾਸ ਵਿੱਚ ਪੰਜਾਬੀਆਂ ਨੇ ਗੁਰੁ ਸਾਹਿਬਾਂ ਦੀ ਰਹਿਨਮਾਈ ਵਿੱਚ ਕਿਵੇਂ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਇਆ। ਨਿੱਕੀਆਂ-ਨਿੱਕੀਆਂ ਰਸਮਈ ਕਹਾਣੀਆਂ ਰਾਹੀਂ ਵਿਦਿਆਰਥੀਆਂ ਲਈ ਇਤਿਹਾਸ ਵਰਗਾ ਲੰਬੇਰਾ ਵਿਸ਼ਾ ਬਿਲਕੁਲ ਸਰਲ ਬਣਾ ਦਿੱਤਾ। ਇਸ ਮੌਕੇ ਲੈਕ. ਯਾਦਵਿੰਦਰ ਸਿੰਘ ਸਿੰਧੂ, ਨਰਸੀ ਸਿੰਘ ਚੌਹਾਨ, ਨਿੱਕਾ ਸਿੰਘ ਸਮਾਓ, ਪਰਮਿੰਦਰ ਸਿੰਘ ਕਟੋਦੀਆਂ, ਪ੍ਰਿਤਪਾਲ ਸਿੰਘ, ਮੈਡਮ ਮੀਨਾ ਰਾਣੀ ਅਤੇ ਨਿਰਮਲ ਸਿੰਘ ਬਰੇਟਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਵਿੱਚ ਕੰਮ ਕਰਦੀਆਂ ਵਿਦਿਆਰਥੀਆਂ ਦੀਆਂ ਕਮੇਟੀਆਂ ਨੇ ਆਪੋ-ਆਪਣੇ ਕੰਮਾਂ ਨੂੰ ਸੋਹਣੇ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਮੌਕੇ ਹਾਜ਼ਰ ਸਕੂਲ ਦੇ ਗਿਅਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਵੀ ਕਈ ਤਰ੍ਹਾਂ ਦੇ ਸਵਾਲ-ਜਵਾਬ ਕੀਤੇ ਗਏ। ਬੁਲਾਰਿਆਂ ਨੂੰ ‘ਵਿਦਿਆਰਥੀ ਸੱਥ’ ਵੱਲੋਂ ਯਾਦ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਮੰਚ ਸੰਚਾਲਨ ਲੈਕ. ਯਾਦਵਿੰਦਰ ਸਿੰਘ ਸਿੰਧੂ ਨੇ ਕੀਤਾ।
Punjab Post Daily Online Newspaper & Print Media