
ਪਠਾਨਕੋਟ, 22 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਅਤੇ ਵਿਧਵਾ ਪੈਨਸ਼ਨ ਦਾ ਲਾਭ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦੇਣ ਲਈ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾਏ ਗਏ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਪ੍ਰੋਗਰਾਮ ਤਹਿਤ ਵਾਰਡ ਨੰ: 35 ਵਿੱਚ ਇੰਦਰਜੀਤ, ਵਾਰਡ ਨੰ: 2 ਵਿੱਚ ਬਲਵਿੰਦਰ ਸਿੰਘ ਬਿੱਲਾ ਅਤੇ ਕੱਚੇ ਕੁਆਟਰ ਸਬਜੀ ਮੰਡੀ ਰੋਡ ਵਿੱਚ ਮਾਨ ਸਿੰਘ ਦੀ ਨਿਗਰਾਨੀ ਵਿੱਚ ਕੈਂਪ ਲਗਾਏ ਗਏ।
ਇਸ ਮੌਕੇ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਸਰਵੇ ਵਿੱਚ ਕੁਝ ਵਿਅਕਤੀਆਂ ਦੀ ਪੈਨਸ਼ਨ ਕਟੀ ਗਈ ਸੀ। ਉਨ੍ਹਾਂ ਦੇ ਫਾਰਮ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਦੁਬਾਰਾ ਦਰੁਸਤ ਕਰ ਭੇਜੇ ਜਾ ਰਹੇ ਹਨ ਅਤੇ ਜਿੰਨ੍ਹਾਂ ਯੋਗ ਵਿਅਕਤੀਆਂ ਨੇ ਅਜੇ ਤੱਕ ਫਾਰਮ ਨਹੀਂ ਭਰੇ ਹਨ, ਉਹ ਵੀ ਆਪਣੇ ਫਾਰਮ ਭਰਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਯੋਗ ਵਿਅਕਤੀਆਂ ਦੇ ਕੁਝ ਤਕਨੀਕੀ ਕਮੀਆਂ ਕਾਰਨ ਪੈਨਸ਼ਨ ਰੁੱਕੀ ਜਾਂ ਕਟੀ ਗਈ ਸੀ, ਉਨ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਕੇ ਜਲਦੀ ਹੀ ਪੈਨਸ਼ਨ ਸ਼ੁਰੂ ਕੀਤੀ ਜਾਵੇਗੀ। ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਭਰਵਾਏ ਜਾ ਰਹੇ ਫਾਰਮ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਵੱਖ ਵੱਖ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਮਜ਼ਦੂਰ ਅਤੇ ਉਸ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀ ਯੋਜਨਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਮਜ਼ਦੂਰ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ ਉਨ੍ਹਾਂ ਨੂੰ ਇੱਕ ਕਾਰਡ ਜਾਰੀ ਕੀਤਾ ਜਾਵੇਗਾ। ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਲਈ 2800 ਰੁਪਏ ਤੋਂ ਲੈ ਕੇ 58000 ਰੁਪਏ ਤੱਕ ਦੀ ਮਦਦ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਲੜਕੀਆਂ ਦੇ ਵਿਆਹ ‘ਤੇ ਸਰਕਾਰ ਵੱਲੋਂ ਮਜ਼ਦੂਰਾਂ ਨੂੰ 31000 ਰੁਪਏ ਤੱਕ ਦੀ ਸ਼ਗਨ ਸਕੀਮ ਦਿੱਤੀ ਜਾਂਦੀ ਹੈ। ਇਸ ਮੌਕੇ ਵੱਖ ਵੱਖ ਕੈਂਪ ਵਿੱਚ ਮਜ਼ਦੂਰਾਂ ਦੇ ਲਗਭਗ 400 ਫਾਰਮ ਅਤੇ ਵੱਖ ਵੱਖ ਪੈਨਸ਼ਨ ਦੇ ਲਗਭਗ 650 ਫਾਰਮ ਭਰੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਜਤ ਲੁਥਰਾ, ਸਨ੍ਹੀ ਭਗਤ, ਅਨਕੁਸ਼ ਮਹਾਜਨ, ਮਨਮੋਹਨ ਸਿੰਘ, ਅਨਿਲ ਸ਼ਰਮਾ, ਰਜਿੰਦਰ ਲਾਡੀ ਅਤੇ ਵਰਕਰ ਹਾਜਰ ਸਨ।
Punjab Post Daily Online Newspaper & Print Media