ਬਟਾਲਾ, 23 ਨਵੰਬਰ (ਨਰਿੰਦਰ ਸਿੰਘ ਬਰਨਾਲ)- ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ 26-27 ਨਵੰਬਰ ਨੂੰ ਆਧੁਨਿਕ ਪਸ਼ੂ ਮੇਲਾ ਗਰਾਉਂਡ (ਕੁਤਬੀਨੰਗਲ) ਬਟਾਲਾ ਵਿਖੇ ਕਰਾਏ ਜਾਣਗੇ। ਇਸ ਪਸ਼ੂ ਧੰਨ ਮੇਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀ ਸੌਰਵ ਅਰੋੜਾ, ਡੀ.ਐੱਸ.ਪੀ. ਸਿਟੀ ਸ. ਜੇ.ਐੱਸ. ਸੰਧੂ, ਡੀ.ਡੀ.ਪੀ.ਓ. ਪਰਮਜੀਤ ਕੌਰ ਅਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਗਰੇਵਾਲ ਨੇ ਦੱਸਿਆ ਕਿ ਬਟਾਲਾ ਵਿਖੇ ਹੋ ਰਹੇ ਇਸ ਜ਼ਿਲ੍ਹਾ ਪੱਧਰੀ ਪਸ਼ੂ ਧੰਨ ਮੇਲੇ ਤੇ ਦੁੱਧ ਚੁਆਈ ਮੁਕਾਬਲਿਆਂ ‘ਚ ਪਸ਼ੂਆਂ ਦੀਆਂ 53 ਵੱਖ-ਵੱਖ ਕੈਟਾਗਰੀਆਂ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਜੇਤੂ ਪਸ਼ੂ ਪਾਲਕਾਂ ਨੂੰ 5.50 ਲੱਖ ਰੁਪਏ ਦੇ ਨਕਦ ਇਨਾਮ ਤਕਸੀਮ ਕੀਤੇ ਜਾਣਗੇ। ਉਨ੍ਹਾਂ ਦੱਸਿਆਕਿ ਪਸ਼ੂਆਂ ਦੀਆਂ 53 ਵੱਖ-ਵੱਖ ਕੈਟਾਗਰੀਆਂ ਜਿਨ੍ਹਾਂ ਵਿੱਚ ਨੁੱਕਰਾ ਤੇ ਮਾਰਵਾੜੀ ਘੋੜੇ/ਘੋੜੀਆਂ/ਵਛੇਰੇ/ਵਛੇਰੀਆਂ, ਮੁਹਰਾ ਝੋਟਾ/ਮੱਝਾਂ, ਰਾਵੀ ਝੋਟਾ/ਮੱਝਾਂ, ਨੀਲੀ ਰਾਵੀ ਝੋਟਾ/ਮੱਝਾਂ, ਐੱਚ.ਐੱਫ ਕਰਾਸ ਗਾਂ, ਐੱਚ.ਐੱਫ ਕਰਾਸ ਵਹਿੜੀ/ਵੱਛੀ, ਜਰਸੀ ਕਰਾਸ ਗਾਂ, ਸਾਹੀਵਾਲ ਸਾਨ/ਗਾਂ/ਵਹਿੜੀ, ਬਕਰਾ, ਬੱਕਰੀ, ਭੇਡੂ, ਭੇਡ, ਸੂਰ, ਸੂਰੀ, ਦੇਸੀ ਮੁਰਗਾ-ਅਸੀਲ, ਬਤੱਖ, ਟਰਕੀ ਆਦਿ ਦੇ ਮੁਕਾਬਲੇ ਕਰਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਹਰਾਂ ਮੱਝਾਂ, ਨੀਲੀ ਰਾਵੀ ਮੱਝਾਂ, ਐੱਚ.ਐੱਫ ਕਰਾਸ ਗਾਂ, ਜਰਸੀ ਕਰਾਸ ਗਾਂ ਦੇਸੀ ਨਸਲ, ਸਾਹੀਵਾਲ ਗਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਾਏ ਜਾਣਗੇ। ਇਸ ਮੌਕੇ ਘੋੜਿਆਂ ਦੇ ਨਾਚ ਤੇ ਸਜ਼ਾਵਟ ਮੁਕਾਬਲੇ ਅਤੇ ਕੁੱਤਿਆਂ ਦੀ ਨਸਲ ਦੇ ਮੁਕਾਬਲੇ ਤੇ ਡਾਗ ਸ਼ੋਅ ਵੀ ਕਰਾਇਆ ਜਾਵੇਗਾ।
ਸ. ਗਰੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਸ਼ੂ ਮੇਲੇ ਦੌਰਾਨ ਆਪਣੇ ਵਿਭਾਗਾਂ ਦੀਆਂ ਭਲਾਈ ਸਕੀਮਾਂ ਦੇ ਸਟਾਲ ਲਗਾਉਣ ਤਾਂ ਜੋ ਮੇਲੇ ‘ਚ ਆਏ ਪਸ਼ੂ ਪਾਲਕ ਅਤੇ ਦਰਸ਼ਕ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜ਼ਿਲ੍ਹਾ ਪੱਧਰੀ ਪਸ਼ੂ ਧੰਨ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਸ ਮੌਕੇ ਮਾਹਿਰਾਂ ਵੱਲੋਂ ਦਿੱਤੀ ਜਾਣ ਵਾਲੀ ਤਕਨੀਕੀ ਜਾਣਕਾਰੀ ਤੋਂ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਆਮ ਲੋਕਾਂ ਦੀ ਸਹੂਲਤ ਦੇ ਨਾਲ ਮੁਕਾਬਲੇ ‘ਚ ਹਿੱੱਸਾ ਲੈਣ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਪਸ਼ੁ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਸ਼ੂ ਪਾਲਕਾਂ ‘ਚ ਇਸ ਪਸ਼ੂ ਧੰਨ ਮੇਲੇ ‘ਚ ਭਾਗ ਲੈਣ ਲਈ ਬਹੁਤ ਉਤਸ਼ਾਹ ਹੈ ਅਤੇ ਹੁਣ ਤੱਕ ਮੁਕਾਬਲਿਆਂ ਲਈ 1700 ਤੋਂ ਵੱਧ ਐਂਟਰੀਆਂ ਪ੍ਰਾਪਤ ਹੋ ਗਈਆਂ ਹਨ। ਇਸ ਮੀਟਿੰਗ ਦੌਰਾਨ ਡਾ. ਸਰਬਜੀਤ ਸਿੰਘ, ਡਾ. ਸ਼ਾਮ ਸਿੰਘ, ਐੱਸ.ਡੀ.ਓ. ਪੰਚਾਇਤੀ ਰਾਜ ਸ. ਬਲਦੇਵ ਸਿੰਘ, ਡਿਪਟੀ ਡੀ.ਈ.ਓ. ਭਾਰਤ ਭੂਸ਼ਨ, ਖੇਤੀਬਾੜੀ ਅਫਸਰ ਅਵਤਾਰ ਸਿੰਘ ਬੁੱਟਰ, ਬੀ.ਡੀ.ਪੀ.ਓ. ਬਟਾਲਾ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media