
ਅੰਮ੍ਰਿਤਸਰ, 24 ਨਵੰਬਰ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਬੀਤੇ ਦਿਨ ਪਰਾਲੀ ਕੁਤਰਨ ਅਤੇ ਖਿਲਾਰਨ ਵਾਲੀਆਂ 10 ਚੌਪਰ ਮਸ਼ੀਨਾਂ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਮਿਲਾਉਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।ਇਸ ਕੰਮ ਲਈ ਖੇਤੀਬਾੜੀ ਵਿਭਾਗ ਵਲੋਂ ਨਵੀਆਂ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਹਨ ਤਾਂ ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।ਉਹਨਾਂ ਪਰਾਲੀ ਸਾੜਨ ਤੋਂ ਹੋ ਰਹੇ ਪਦੂਸ਼ਣ ਬਾਰੇ ਵੀ ਸੁਚੇਤ ਰਹਿਣ ਲਈ ਕਿਹਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਕੋਲ ਚੌਪਰ ਮਸ਼ੀਨ ਦੇ 10 ਕੇਸ ਪ੍ਰਾਪਤ ਹੋਏ ਸਨ। ਪੰਜਾਬ ਰਾਜ ਕਿਸਾਨ ਕਮਿਸ਼ਨ ਦੀ ਸਹਾਇਤਾ ਨਾਲ ਸਬਸਿਡੀ ‘ਤੇੇ ਕਿਸਾਨਾਂ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੇ ਨਾਲ ਕੰਬਾਇਨ ਨਾਲ ਝੋਨੇ ਨੂੰ ਵੱਢਣ ਤੋਂਂ ਬਾਅਦ ਪਰਾਲੀ ਛੋਟੇ ਹਿੱਸਿਆਂ ਵਿਚ ਕੁਤਰ ਕੇ ਖੇਤ ਵਿਚ ਖਿੱਲਰ ਜਾਂਦੀ ਹੈ।ਖਿੱਲਰੀ ਹੋਈ ਪਰਾਲੀ ਨੂੰ ਬਾਅਦ ਵਿਚ ਕਿਸਾਨ ਮਿੱਟੀ ਵਿਚ ਮਿਲਾ ਸਕਦੇ ਹਨ। ਕੁਤਰੀ ਹੋਈ ਪਰਾਲੀ ਵਾਲੇ ਖੇਤ ਨੂੰ ਪਾਣੀ ਲਾ ਕੇ ਖੜੇ ਪਾਣੀ ਵਿਚ ਰੋਟਾਵੇਟਰ ਚਲਾ ਕੇ ਪਰਾਲੀ ਨੂੰ ਜਮੀਨ ਵਿੱਚ ਮਿਲਾਇਆ ਜਾ ਸਕਦਾ ਹੈ। ਪਰਾਲੀ ਗਲਣ ਦੀ ਕਿਰਿਆ ਨੂੰ ਤੇਜ਼ ਕਰਨ ਲਈ 20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਛਟਾ ਦੇਣਾ ਚਾਹੀਦਾ ਹੈ।ਇਸ ਮਸ਼ੀਨ ਦੀ ਕੀਮਤ ਤਕਰੀਬਨ 2.5 ਲੱਖ ਰੁਪਏ ਹੈ ਅਤੇ ਇਸ ‘ਤੇ 1 ਲੱਖ ਰੁਪਏ ਸਬਸਿਡੀ ਹੈ।ਇਨ੍ਹਾਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਤੋਂ ਇਲਾਵਾ ਹੋਰਨਾਂ ਕਿਸਾਨਾਂ ਦੇ ਖੇਤਾਂ ਲਈ ਕਿਰਾਏ ‘ਤੇ ਇਹ ਸੇਵਾ ਦਿੱਤੀ ਜਾਵੇਗੀ।
ਖੇਤੀਬਾੜੀ ਇੰਜੀਨੀਅਰ ਰਣਬੀਰ ਸਿੰਘ ਰੰਧਾਵ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਤੂੜੀ ਬਣਾਉਣ ਦੀ ਅਟੈਚਮੈਂਟ ਲਗਾ ਕੇ ਪਰਾਲੀ ਤੋਂ ਤੂੜੀ ਵੀ ਬਣਾਈ ਜਾ ਸਕਦੀ ਹੈ ਜੋ ਕਿਸਾਨ ਪਸ਼ੂਆਂ ਦੇ ਚਾਰੇੇ ਲਈ ਵਰਤ ਸਕਦੇ ਹਨ ਅਤੇ ਇਸ ਅਟੈਚਮੈਂਟ ਦੀ ਕੀਮਤ 1 ਲੱਖ ਰੁਪਏ ਹੈ।
Punjab Post Daily Online Newspaper & Print Media