ਨਵੀਂ ਦਿੱਲੀ, 25 ਨਵੰਬਰ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਖੇ ਹੋਏ ਗੁਰਮਤਿ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਪ੍ਰਤੀ ਆਪਣਾ ਅਕੀਦਾ ਭੇਂਟ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਮੌਕੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਸਿੱਖੀ ਦੀ ਚੜ੍ਹਦੀ ਕਲਾ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਵਾਸਤੇ ਸੰਗਤਾਂ ਨੂੰ ਅੱਗੇ ਆਉਣ ਦੀ ਪ੍ਰੇਰਣਾਂ ਕੀਤੀ।
ਕਮੇਟੀ ਵੱਲੋਂ ਸਰਕਾਰੀ ਫੀਸ ਮੁਆਫ਼ੀ ਦੀ ਯੋਜਨਾਵਾਂ ਤਹਿਤ ਲੋੜਵੰਦ ਬੱਚਿਆਂ ਤਕ ਵੱਡੀ ਰਾਹਤ ਪਹੁੰਚਾਉਣ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ ਸੰਗਤਾਂ ਨੂੰ ਕਮੇਟੀ ਵੱਲੋਂ ਇੱਕ ਸਿੱਖ ਇੱਕ ਵਿਦਿਆਰਥੀ ਯੋਜਨਾ ਨੂੰ ਸ਼ੁਰੂ ਕਰਨ ਦੇ ਮਕਸਦ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ ਨੇ ਦਸਿਆ ਕਿ ਸਰਕਾਰੀ ਯੋਜਨਾਵਾਂ ਦਾ ਫਾਰਮ ਭਰਨ ਦੇ ਬਾਵਜੂਦ 75 ਫੀਸਦੀ ਹਾਜ਼ਰੀ ਅਤੇ 50 ਫੀਸਦੀ ਨੰਬਰ ਨਾ ਪ੍ਰਾਪਤ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਨਹੀਂ ਮਿਲ ਪਾਉਂਦਾ ਹੈ ਜਿਸ ਕਰਕੇ ਕਮੇਟੀ ਵੱਲੋਂ ਆਪਣੇ ਸਾਧਨਾਂ ਤੋਂ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਲਈ ਕਰੋੜਾਂ ਰੁਪਇਆ ਆਪਣੇ ਸਾਧਨਾਂ ਤੋਂ ਭੁਗਤਾਨ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਕ ਵਿਦਿਆਰਥੀ ਦੀ ਸਿੱਖਿਆ ਲਈ 24 ਹਜਾਰ ਰੁਪਏ ਸਲਾਨਾ ਦੀ ਮਦਦ ਕਰਨ ਦੀ ਸੰਗਤਾਂ ਨੂੰ ਅਪੀਲ ਕਰਦੇ ਹੋਏ ਇਸ ਮੱਦ ਵਿੱਚ ਦਸਵੰਧ ਖਰਚਣ ਵਾਲੇ ਪਰਿਵਾਰਾਂ ਨੂੰ ਕਮੇਟੀ ਵੱਲੋਂ ਤਿਆਰ ਕੀਤੇ ਗਏ ਸਾਫਟਵੇਅਰ ਤਹਿਤ ਵਿਦਿਆਰਥੀ ਦੀ ਵਿਦਿਅਕ ਰਿਪੋਰਟ ਲਗਾਤਾਰ ਉਪਲਬਧ ਕਰਾਉਣ ਦਾ ਵੀ ਭਰੋਸਾ ਦਿੱਤਾ।
ਜੰਤਰ ਮੰਤਰ ‘ਤੇ ਕਮੇਟੀ ਵੱਲੋਂ ਦੋਪਹਿਰ ਨੂੰ ਰੋਜ਼ਾਨਾ ਚਲਾਏ ਜਾ ਰਹੇ ਲੰਗਰ ਸਦਕਾ ਦੇਸ਼ ਭਰ ਤੋਂ ਪ੍ਰਦਰਸ਼ਨ ਕਰਨ ਆਉਂਦੇ ਲੋਕਾਂ ਤਕ ਬਿਨਾਂ ਕਿਸੇ ਸਿਆਸੀ ਜਾਂ ਮਾਲੀ ਵਿੱਤਕਰੇ ਦੇ ਕਮੇਟੀ ਵਲੋਂ ਨਿਰਪੱਖ ਹੋ ਕੇ ਲੰਗਰ ਉਪਲਬਧ ਕਰਾਉਣ ਦਾ ਵੀ ਦਾਅਵਾ ਕੀਤਾ।ਇਸ ਸਬੰਧ ਵਿੱਚ ਜੀ.ਕੇ. ਨੇ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕਰ ਰਹੇ ਸਾਬਕਾ ਫੌਜੀਆਂ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਸਣੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਨੂੰ ਮਨਾਉਣ ਵਾਸਤੇ ਦਿੱਲੀ ਦੇ ਬਾਹਰੋਂ ਆਈਆਂ ਲਗਭਗ 4000 ਬੀਬੀਆਂ ਦੀ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਦੀ ਅਪੀਲ ਤੇ ਗੁਰੂ ਘਰ ਵਿਚ ਕਰਨ ਦੀ ਜਾਣਕਾਰੀ ਦਿੱਤੀ। ਕਾਬਲ ਤੇ ਕੰਧਾਰ ਦੀ ਸੰਗਤਾਂ ਦੀ ਮੰਗ ‘ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿੱਖੇ ਬਣ ਰਹੇ ਲੰਗਰ ਹਾਲ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਗੋਯਾ ਦੇ ਨਾਂ ਤੇ ਰੱਖਣ ਦੀ ਪ੍ਰਵਾਨਗੀ ਅੰਤਰਿੰਗ ਬੋਰਡ ਵੱਲੋਂ ਦੇਣ ਦੀ ਵੀ ਜਾਣਕਾਰੀ ਜੀ.ਕੇ ਨੇ ਸੰਗਤਾਂ ਨਾਲ ਸਾਂਝੀ ਕੀਤੀ।
ਸੰਖੇਪ ਇਤਿਹਾਸ ਦੇ ਜਿਕਰ ਦੌਰਾਨ ਜੀ.ਕੇ. ਨੇ ਗੁਰੂ ਨਾਨਕ ਸਾਹਿਬ ਵੱਲੋਂ ਮੁਲਕ ਦਾ ਨਾਂ ਹਿੰਦੁਸਤਾਨ ਪਹਿਲੀ ਵਾਰ ਉਚਾਰਨ ਦਾ ਹਵਾਲਾ ਬਾਣੀ ਵਿੱਚੋਂ ਦਿੰਦੇ ਹੋਏ ਅਲੱਗ ਸਿੱਖ ਮੁਲਕ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਹਥਿਆਰ ਦੀ ਬਜਾਏ ਕਲਮ ਨੂੰ ਹਥਿਆਰ ਵੱਜੌਂ ਚੁੱਕਣ ਦਾ ਵੀ ਸਦਾ ਦਿੱਤਾ। ਸਿੱਖਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਪੁਕਾਰਨ ਵਾਲੇ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਜੀ.ਕੇ ਨੇ 2 ਫੀਸਦੀ ਤੋਂ ਘੱਟ ਅਬਾਦੀ ਵਾਲੀ ਸਿੱਖ ਕੌਮ ਦੇ ਬਰਾਬਰ ਬਾਕੀ ਭਾਈਚਾਰੇ ਦੇ ਲੋਕਾਂ ਨੂੰ ਬਰਾਬਰ ਲੀਕ ਖਿੱਚ ਕੇ ਦਿਖਾਉਣ ਦੀ ਵੀ ਚੁਨੌਤੀ ਦਿੱਤੀ। ਸੰਗਤਾਂ ਨੂੰ ਨਸਲਵਾਦੀ ਸਿੱਖ ਚੁਟਕਲਿਆਂ ਦੇ ਖਿਲਾਫ਼ ਆਨਲਾਈਨ ਪਟੀਸ਼ਨ ਸਾਈਨ ਕਰਨ ਦੀ ਜੀ.ਕੇ ਨੇ ਅਪੀਲ ਕੀਤੀ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਰਾਸ਼ਟਰਪਤੀ ਭਵਨ ਵਿੱਚ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਵਿਸ਼ੇਸ਼ ਕੀਰਤਨ ਸਮਾਗਮ ਦੀ ਜਾਣਕਾਰੀ ਸੰਗਤਾਂ ਨੂੰ ਦਿੰਦੇ ਹੋਏ ਬੀਤੇ ਦਿਨੀ ਕਾਲੀ ਦਿਵਾਲੀ ਦੀਆਂ ਅਪੀਲਾਂ ਕਰਨ ਵਾਲੇ ਲੋਕਾਂ ਨੂੰ ਤਾੜਨਾ ਵੀ ਕੀਤੀ।ਸਿੱਖ ਕੌਮ ਨੂੰ ਬਹਾਦਰ ਅਤੇ ਤਾਕਤਵਰ ਦੱਸਦੇ ਹੋਏ ਸਿਰਸਾ ਨੇ 1980 ਦੇ ਦਹਾਕੇ ਦੌਰਾਨ ਹੋਇਆਂ ਗਲਤੀਆਂ ਨੂੰ ਨਾ ਦੋਹਰਾਉਣ ਦੀ ਵੀ ਨੌਜਵਾਨਾਂ ਨੂੰ ਅਪੀਲ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਇਸ ਸਮਾਗਮ ਵਿੱਚ ਆਪਣੇ ਤਿੰਨ ਵਿਧਾਇਕਾ ਜਰਨੈਲ ਸਿੰਘ ਤਿਲਕ ਨਗਰ, ਜਗਦੀਪ ਸਿੰਘ ਹਰੀਨਗਰ ਅਤੇ ਅਵਤਾਰ ਸਿੰਘ ਕਾਲਕਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਜ਼ਦਾ ਕਰਨ ਲਈ ਪੁੱਜੇ। ਦਿੱਲੀ ਕਮੇਟੀ ਨੂੰ ਪਹਿਲਾਂ ਤੋਂ ਜਾਣਕਾਰੀ ਦਿੱਤੇ ਬਿਨਾਂ ਪੁਜਣ ਦੇ ਬਾਵਜੂਦ ਮੌਕੇ ਤੇ ਮੌਜ਼ੂਦ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਵੱਲੋਂ ਕੇਜਰੀਵਾਲ ਤੇ ਸਿੱਖ ਵਿਧਾਇਕਾਂ ਨੂੰ ਸਿਰੋਪਾਉ ਭੇਂਟ ਕੀਤੇ ਗਏ। ਬਾਅਦ ਵਿੱਚ ਪੁੱਜੇ ਜੀ.ਕੇ. ਨੇ ਸਟੇਜ਼ ਦੇ ਨਿਰਪੱਖ ਹੋਣ ਦੀ ਗਲ ਕਰਦੇ ਹੋਏ ਸਿਆਸਤ ਨੂੰ ਧਾਰਮਿਕ ਸਟੇਜ਼ ਤੇ ਭਾਰੂ ਨਾ ਹੋਣ ਦੇਣ ਦਾ ਵੀ ਦਾਅਵਾ ਕੀਤਾ।
ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਬੀਬੀ ਧੀਰਜ ਕੋਰ, ਅਮਰਜੀਤ ਸਿੰਘ ਪਿੰਕੀ, ਗੁਰਮੀਤ ਸਿੰਘ ਮੀਤਾ, ਰਵੇਲ ਸਿੰਘ, ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ, ਵਿਕਰਮ ਸਿੰਘ ਆਦਿਕ ਮੌੌਜੂਦ ਸਨ।ਸਟੇਜ਼ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਜਤਿੰਦਰ ਪਾਲ ਸਿੰਘ ਗੋਲਡੀ ਵੱਲੋਂ ਨਿਭਾਈ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media