ਪਠਾਨਕੋਟ, 27 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਗਰੀਬ ਪਰਿਵਾਰਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ 369 ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਪਖਾਨੇ ਬਣਾਉਣ ਲਈ 42.45 ਲੱਖ ਰੁਪਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪਠਾਨਕੋਟ ਵੱਲੋਂ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਹਿਰ ਦੇ ਕੁਝ ਵਾਰਡਾਂ ਵਿੱਚ ਲੰਮੇ ਸਮੇਂ ਤੋਂ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤਿੰਨ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਲਮੀਨੀ ਅਤੇ ਸੁੰਦਰ ਨਗਰ ਵਿਖੇ ਨਵੇਂ ਟਿਊਬਵੈਲ ਲਗਾਉਣ ਦਾ ਕੰਮ ਚਲ ਰਿਹਾ ਹੈ ਅਤੇ ਸਾਸਤਰੀ ਨਗਰ ਵਿਖੇ ਵੀ ਜਲਦੀ ਹੀ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਸੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਸਹਿਰ ਅੰਦਰ ਹੋਰ ਨਵੇਂ ਟਿਊਬਵੈਲ ਲਗਾਉਣ ਦੀ ਵੀ ਯੋਜਨਾ ਤਿਆਰ ਕੀਤੀ ਗਈ ਹੈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਵਿੱਚ ਆਧੁਨਿਕ ਬਣਾਏ ਜਾ ਰਹੇ ਹਰੇਕ ਪਖਾਨੇ ਉੱਪਰ 15000 ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪਠਾਨਕੋਟ ‘ਚ 52, ਸੁਜਾਨਪੁਰ ਵਿੱਚ 86, ਘਰੋਟਾ ਵਿੱਚ 75, ਧਾਰਕਲਾਂ ਵਿੱਚ 67, ਨਰੋਟ ਜੈਮਲ ਸਿੰਘ 74 ਅਤੇ ਬਮਿਆਲ ਬਲਾਕ ਵਿੱਚ 15 ਪਖਾਨੇ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹੇ ਦੇ 60 ਪਿੰਡਾਂ ਵਿੱਚ 2582 ਪਖਾਨੇ ਬਣਾਉਣ ਦਾ ਕੰਮ ਜਾਰੀ ਹੈ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰ ਲਿਆ ਜਾਵੇਗਾ। ਤਾਂ ਜੋ ਇਹ ਗਰੀਬ ਪਰਿਵਾਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉੱਚਾ ਕਰ ਸਕਣ ਅਤੇ ਦੂਸਰੇ ਲੋਕਾਂ ਵਾਂਗ ਵਧੀਆ ਜੀਵਨ ਗੁਜਾਰ ਸਕਣ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media