
ਪਠਾਨਕੋਟ, 28 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਦਾ ਲਾਭ ਪਠਾਨਕੋਟ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਲਈ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਸ਼ੁੱਭ ਆਰੰਭ ਕੀਤਾ ਗਿਆ। ਇਹ ਜਾਣਕਾਰੀ ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਨੇ ਦਿੰਦਿਆ ਦੱਸਿਆ ਕਿ ਇਸ ਯੋਜਨਾ ਤਹਿਤ ਸਾਰੇ ਨੀਲੇ ਕਾਰਡਧਾਰਕਾਂ ਨੂੰ ਮਾਮੂਲੀ 30 ਰੁਪਏ ਦੀ ਫੀਸ ‘ਤੇ ਪੰਜ ਪਰਿਵਾਰਿਕ ਮੈਂਬਰਾਂ ਦਾ ਪੰਜਾਹ ਹਜਾਰ ਰੁਪਏ ਤੱਕ ਦਾ ਇੱਕ ਸਾਲ ਤੱਕ ਮੁਫਤ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਕੁਝ ਚੁਣੇ ਹੋਏ ਨਿੱਜੀ ਹਸਪਤਾਲਾਂ ਵਿੱਚ ਉਪਲਬੱਧ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਸਰਵਸ਼੍ਰੀ ਰੋਹਿਤ ਪੁਰੀ ਸ਼ਹਿਰੀ ਮੰਡਲ ਪ੍ਰਧਾਨ ਭਾਜਪਾ, ਅਨਿਲ ਰਾਮਪਾਲ ਸਾਬਕਾ ਮੰਡਲ ਪ੍ਰਧਾਨ ਭਾਜਪਾ, ਡਾ. ਗੋਤਮ ਸਿੰਘ ਸਿਕੰਦ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਸਤੀਸ਼ ਸ਼ਰਮਾ ਡੀ.ਐਮ.ਸੀ., ਡਾ. ਤਰਸੇਮ ਸਿੰਘ ਜਿਲ੍ਹਾ ਸਿਹਤ ਅਫਸਰ, ਪ੍ਰਵੀਨ ਪੱਪੀ ਨਗਰ ਕੌਂਸਲਰ, ਰਾਮੇਸ਼ ਸ਼ਰਮਾ, ਬਲਰਾਜ, ਰਾਹੁਲ ਸੈਣੀ, ਗਨੇਸ਼ ਵਿੱਕੀ, ਵਿਸ਼ਵਨਾਥ, ਵਿਜੇ ਚੁਨੀ ਅਤੇ ਪੱਤਵੰਤੇ ਸ਼ਹਿਰੀ ਹਾਜਰ ਸਨ।
ਡਾ. ਭੁਪਿੰਦਰ ਸਿੰਘ ਨੇ ਇਸ ਯੋਜਨਾ ਤਹਿਤ ਮਿਲਣ ਵਾਲੇ ਲਾਭ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰੀ ਖੇਤਰ ਦੇ 16477 ਅਤੇ ਜਿਲ੍ਹਾ ਪੱਧਰ ‘ਤੇ 42022 ਲਾਭਪਾਤਰੀਆਂ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਲਈ ਵੱਖ ਵੱਖ ਵਾਰਡਾਂ ਵਿੱਚ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮੌਕੇ ‘ਤੇ ਹੀ ਕਾਰਡ ਬਣਾ ਕੇ ਦੇਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਇਲਾਜ ਦੇ ਲਈ ਹਸਪਤਾਲਾਂ ਵਿੱਚ ਦਾਖਲੇ ਸਮੇਂ ਆਪਣਾ ਆਧਾਰ ਕਾਰਡ ਨਾਲ ਲਿਆਣਾ ਹੋਵੇਗਾ।
Punjab Post Daily Online Newspaper & Print Media