ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਬੱਚਿਆਂ ਦੀ ਪ੍ਰਤਿਭਾ ਦੇ ਪ੍ਰਗਟਾਵੇ ਦੀ ਪਹਿਲ
ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪ੍ਰਾਇਮਰੀ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਪੰਜਾਬ ਸਰਕਾਰ ਦੁਆਰਾ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਵੇਸ਼ (ਪ੍ਰਾਇਮਰੀ ਵਿੱਦਿਆ ਸੁਧਾਰ) ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸਦੇ ਤਹਿਤ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਸਹਿ-ਅਕਾਦਮਿਕ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸੇ ਤਹਿਤ ਜ਼ਿਲ੍ਹੇ ਦੇ ਸਾਰੇ ਪ੍ਰਾਈਮਰੀ ਸਕੂਲਾਂ ਵਿਚ ਬੱਚਿਆਂ ਦੇ ਹੱਥ ਲਿਖਤ ਬਾਲ ਮੈਗਜ਼ੀਨ ਤਿਆਰ ਕੀਤੇ ਗਏ ਹਨ ਜਿੰਨ੍ਹਾਂ ਵਿਚ ਨਿੱਕੜੇ ਬਾਲਕਾਂ ਨੇ ਆਪਣੇ ਲੇਖਣ ਹੁਨਰ ਦਾ ਬਹੁਤ ਹੀ ਸੋਹਜ ਭਰਪੂਰ ਪ੍ਰਗਟਾਵਾ ਕੀਤਾ ਹੈ। ਇਸ ਦੇ ਤਹਿਤ ਨਵੰਬਰ 2015 ਨੂੰ ਖਾਸ ਤੌਰ ਤੇ ਪੰਜਾਬੀ ਮਾਤ-ਭਾਸ਼ਾ ਨੂੰ ਸਮਰਪਿਤ ਕਰਦੇ ਹੋਏ ਪੰਜਾਬੀ ਮਹੀਨੇ ਦੇ ਰੂਪ ਵਿੱਚ ਮਨਾਇਆ ਗਿਆ ਹੈ। ਇਸ ਪੂਰੇ ਮਹੀਨੇ ਦੌਰਾਨ ਪੰਜਾਬੀ ਵਿਸ਼ੇ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਾਉਂਦੇ ਹੋਏ ਮੌਖਿਕ, ਪੜ੍ਹਨ ਅਤੇ ਲਿਖਣ ਦੇ ਮੁਕਾਬਲੇ ਕਰਾਏ ਗਏ। ਰਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਬਠਿੰਡਾ ਦੀ ਅਗਵਾਈ ਹੇਠ ਅਤੇ ਸਟੇਟ ਮੁੱਖ ਦਫਤਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ 397 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ੇਸ਼ ਬਾਲ ਸਭਾ ਦਾ ਆਯੋਜਨ ਵੀ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਰਜਿੰਦਰ ਸਿੰਘ ਨੇ ਮੈਗਜ਼ੀਨ ਰਿਲੀਜ਼ ਕਰਦਿਆ ਦੱਸਿਆਂ ਕਿ ਕਲੱਸਟਰ ਅਤੇ ਬਲਾਕ ਪੱਧਰ ‘ਤੇ ਵਧੀਆ ਰਚਨਾਤਮਕ ਮੈਗਜ਼ੀਨਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ ਅਤੇ ਜ਼ਿਲ੍ਹਾ ਪੱਧਰੀ 10 ਵਧੀਆ ਰਚਨਾਤਮਕ ਮੈਗਜ਼ੀਨ ਦੀ ਚੋਣ ਕਰਕੇ ਮੁੱਖ ਦਫ਼ਤਰ ਨੂੰ ਭੇਜੇ ਜਾਣਗੇ । ਇਨ੍ਹਾਂ ਵਿਸ਼ੇਸ਼ ਬਾਲ ਸਭਾਵਾਂ ਵਿੱਚ ਬੱਚਿਆਂ ਨੇ ਕਵਿਤਾ ਉਚਾਰਣ, ਕੋਰਿਓਗ੍ਰਾਫੀ, ਭਾਸ਼ਣ, ਗੀਤ-ਸੰਗੀਤ, ਨਾਟਕ, ਸਕਿੱਟ ਅਤੇ ਕੁਇਜ਼ ਆਦਿ ਦੀ ਪੇਸ਼ਕਾਰੀ ਕਰਦੇ ਹੋਏ ਸਿਰਜਣਾਤਮਕ ਸਿੱਖਿਆ ਮਾਡਲ ਦੀ ਅਦਭੁੱਤ ਝਲਕ ਪੇਸ਼ ਕੀਤੀ। ਆਪਣੇ ਪ੍ਰਤਿਭਾਸ਼ਾਲੀ ਅਧਿਆਪਕਾਂ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਅਧਿਆਪਕਾਂ ਨੇ ਸਕੂਲਾਂ ਦੀਆਂ ਕਾਰਗੁਜਾਰੀ ਰਿਪੋਰਟਾਂ ਪੜ੍ਹੀਆਂ ਅਤੇ ਇਸੇ ਦਿਨ ਸਮੂਹ ਸਕੂਲਾਂ ਵਿੱਚ ਹੱਥ ਲਿਖਤ ਬਾਲ ਮੈਗਜ਼ੀਨ ਦੇ ਅਗਲੇੇ ਅੰਕ ਵੀ ਰੀਲੀਜ਼ ਕੀਤੇ ਗਏ। ਇਨ੍ਹਾਂ ਹੱਥ ਲਿਖਤ ਬਾਲ ਮੈਗਜ਼ੀਨਾਂ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੀਆਂ ਮੌਲਿਕ ਰਚਨਾਵਾਂ, ਕਵਿਤਾਵਾਂ, ਕਹਾਣੀਆਂ, ਚਿੱਤਰਕਲਾ, ਅਨਮੋਲ ਵਿਚਾਰ, ਹਾਸਾ-ਠੱਠਾ, ਬੁਝਾਰਤਾਂ ਆਦਿ ਦੀ ਪੇਸ਼ਕਾਰੀ ਕੀਤੀ ਗਈ ਹੈ। ਰਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਬਠਿੰਡਾ ਨੇ ਇਨ੍ਹਾਂ ਸਮਾਗਮਾਂ ਵਿੱਚ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਇਨ੍ਹਾਂ ਵਿਸ਼ੇਸ਼ ਬਾਲ ਸਭਾਵਾਂ ਵਿੱਚ ਵੱਖ-ਵੱਖ ਥਾਵਾਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਹਿਬਾਨਾਂ, ਵਿਦਿਆਰਥੀਆਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਪੰਚ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।
Punjab Post Daily Online Newspaper & Print Media
