
ਅੰਮ੍ਰਿਤਸਰ, 12 ਦਸੰੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ 13 ਦਸੰਬਰ ਨੂੰ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿਚ ਕਰਵਾਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀ. ਐਸ. ਟੀ. ਈ. ਟੀ) ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਨੂੰ ਸੁਚਾਰੂ, ਪਾਰਦਰਸ਼ੀ ਤੇ ਸਾਫ-ਸੁਥਰੇ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਪ੍ਰੀਖਿਆ ਸਬੰਧੀ ਸਮੂਹ ਪ੍ਰੀਖਿਆਰਥੀਆਂ ਨੂੰ ‘ਕੀ ਕਰੀਏ’ ਅਤੇ ‘ਕੀ ਨਾ ਕਰੀਏ’ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਰੇ ਪ੍ਰੀਖਿਆਰਥੀ ਟੈਸਟ ਤੋਂ ਇਕ ਘੰਟਾ ਪਹਿਲਾਂ ਆਪਣੇ ਦਾਖਲਾ ਕਾਰਡ ਅਤੇ ਫੋਟੋ ਸ਼ਨਾਖਤ ਕਾਰਡ ਨਾਲ ਪੁੱਜਣਾ ਯਕੀਨੀ ਬਣਾਉਣਗੇ ਅਤੇ ਹਾਜ਼ਰੀ ਸ਼ੀਟ ਵਿੱਚ ਦਰਸਾਈ ਗਈ ਥਾਂ ‘ਤੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਲਗਾਉਣ ਅਤੇ ਦਸਤਖਤ ਕਰਨਗੇ। ਉਨ੍ਹਾਂ ਕਿਹਾ ਕਿ ਓ. ਐਮ. ਆਰ ਉੱਤਰ ਪੱਤਰੀ ਅਤੇ ਓ.ਐਮ.ਆਰ. ਹਾਜ਼ਰੀ ਸ਼ੀਟ ‘ਤੇ ਸਾਰੀ ਜਾਣਕਾਰੀ ਧਿਆਨ ਨਾਲ ਭਰੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਨੇਤਰਹੀਣ ਅਤੇ ਅੰਗਹੀਣ (ਸਿਰਫ ਹੱਥਾਂ ਤੋਂ) ਪ੍ਰੀਖਿਆਰਥੀ ਦਾਖਲਾ ਪੱਤਰ ਸਮੇਤ ਆਪਣੇ ਵੱਲੋਂ ਪਹਿਲਾਂ ਦਰਸਾਏ ਲਿਖਾਰੀ ਜਾਂ ਹੈਲਪਰ ਦੇ ਵੇਰਵੇ ਸਬੰਧੀ ਪ੍ਰਿੰਟ ਆਊਟ ਅਤੇ ਲਿਖਾਰੀ ਦੀ ਯੋਗਤਾ ਦਾ ਸਬੂਤ ਨਾਲ ਲੈ ਕੇ ਆਉਣ।
ਡਾ. ਚੀਮਾ ਨੇ ਕਿਹਾ ਕਿ ਪ੍ਰੀਖਿਆਰਥੀ ਆਪਣੇ ਨਾਲ ਕਿਸੇ ਕਿਸਮ ਦਾ ਕੋਈ ਵੀ ਪੈਨ, ਘੜੀ, ਮੋਬਾਈਲ, ਪੇਜਰ, ਕੈਲਕੂਲੇਟਰ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰਾਨਿਕ ਯੰਤਰ ਨਾ ਲੈ ਕੇ ਆਉਣ। ਇਸ ਦੀ ਉਲੰਘਣਾ ਹੋਣ ‘ਤੇ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਯੂ.ਐਮ.ਸੀ. ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਓ.ਐਮ.ਆਰ. ਸ਼ੀਟ ਉਤੇ ਆਪਣੇ ਦਸਤਖਤ ਜਾਂ ਕੋਈ ਅਗੂੰਠੇ ਦਾ ਨਿਸ਼ਾਨ ਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਓ.ਐਮ.ਆਰ. ਸ਼ੀਟ ਨੂੰ ਨਾ ਹੀ ਮੋੜਿਆ ਜਾਵੇ ਅਤੇ ਨਾ ਹੀ ਉਸ ਉਪਰ ਕਿਸੇ ਕਿਸਮ ਦਾ ਨਿਸ਼ਾਨ ਲਗਾਇਆ ਜਾਵੇ। ਇਸੇ ਤਰ੍ਹਾਂ ਪ੍ਰਸ਼ਨਾਂ ਦੇ ਆਪਸ਼ਨਾਂ ਦਾ ਸਿਰਫ ਇਕ ਖਾਨਾ ਹੀ ਭਰਿਆ ਜਾਵੇ। ਇਕ ਤੋਂ ਵੱਧ ਖਾਨੇ ਭਰਨ ਦੀ ਸੂਰਤ ਵਿਚ ਗਲਤ ਉਤਰ ਸਮਝਿਆ ਜਾਵੇਗਾ। ਉਨ੍ਹਾਂ ਪ੍ਰੀਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।
ਉਨ੍ਹਾਂ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਕੋਚਿੰਗ ਸੈਂਟਰ ਉਨ੍ਹਾਂ ਨੂੰ ਟੈਸਟ ਪਾਸ ਕਰਨ ਦਾ ਦਾਅਵਾ ਜਾਂ ਗਾਰੰਟੀ ਦਿੰਦਾ ਹੈ ਤਾਂ ਉਸ ਬਾਰੇ ਸਬੰਧਤ ਜ਼ਿਲੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ।
Punjab Post Daily Online Newspaper & Print Media