Wednesday, March 25, 2026

ਅੰਮ੍ਰਿਤਸਰ ‘ਚ ਐਸਲ ਇੰਫਰਾ ਪ੍ਰਾਜੈਕਟਸ ਕੰਪਨੀ ਚੁੱਕੇਗੀ ਹਰ ਘਰ ‘ਚੋਂ ਕੂੜਾ – ਜੋਸ਼ੀ

PPN1512201515

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਕੰਮ ਕਰਨ ਵਾਲੀ ਕੰਪਨੀ ਐਸਲ ਇੰਫਰਾ ਪ੍ਰਾਜੈਕਟਸ ਲਿਮਟਿਡ ਦੀ ਟੀਮ ਨੇ ਸ਼ਹਿਰ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਹੈ। ਅੱਜ ਇਥੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਦੀ ਮੌਜੂਦਗੀ ਵਿੱਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਸਬੰਧੀ ਐਸਲ ਇੰਫਰਾ ਪ੍ਰਾਜੈਕਟਸ ਦੇ ਵਪਾਰਕ ਮੁਖੀ ਸ੍ਰੀ ਪੀ.ਕੇ ਸਿੰਘ, ਵਿਵੱਸਥਾ ਮੁਖੀ ਵਿਕਾਸ ਝਾਅ, ਅਨਿਲ ਮਹਾਜਨ ਅਤੇ ਬ੍ਰਿਜੇਸ਼ ਕੁਮਾਰ ਨਾਲ ਵਿਸਥਾਰਤ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਦੱਸਿਆ ਕਿ ਕੰਪਨੀ ਵੱਲੋਂ ਸ਼ਹਿਰ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਇਕ ਹਫਤੇ ਦੇ ਅੰਦਰ ਅੰਦਰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪਿਛੋਂ ਕੰਪਨੀ ਪ੍ਰਾਜੈਕਟ ਸਬੰਧੀ ਕੰਮਕਾਰ ਦਾ ਪਲਾਨ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਮੁੱਢਲੀਆਂ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇਣ ਪਿਛੋਂ 25 ਜਨਵਰੀ ਤੋਂ ਐਸਲ ਇੰਫਰਾ ਪ੍ਰਾਜੈਕਟਸ ਵਲੋਂ ਸ਼ਹਿਰ ਅੰਦਰ ਘਰ ਘਰ ਜਾ ਕੇ ਕੂੜਾ ਕਰਕਟ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਕੰਮ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਪਿਛੋਂ ਪੜਾਅਵਾਰ ਪੂਰੇ ਸ਼ਹਿਰ ਅੰਦਰ ਠੋਸ ਰਹਿੰਦ ਖੂੰਹਦ ਪ੍ਰਬੰਧਨ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਮੁੱਢਲੇ ਸਰਵੇ ਅਤੇ ਐਕਸ਼ਨ ਪਲਾਨ ਦੀ ਪੇਸ਼ਕਾਰੀ ਪਿਛੋਂ ਲੋੜੀਂਦਾ ਬੁਨਿਆਦੀ ਢਾਂਚਾ, ਮਸ਼ੀਨਾਂ ਅਤੇ ਸਾਜੋ ਸਮਾਨ ਸਥਾਪਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਬੰਧਨ ਦਾ ਕੰਮ ਸ਼ਹਿਰ ਦੇ ਅੰਦਰੂਨੀ ਅਤੇ ਬਾਅਦ ਵਿੱਚ ਬਾਹਰੀ ਹਿੱਸਿਆਂ ਵਿੱਚ ਸ਼ੁਰੂ ਕਰਵਾਇਆ ਜਾਵੇਗਾ। ਅੰਮ੍ਰਿਤਸਰ ਸ਼ਹਿਰ ਨੂੰ ਦੇਸ਼ ਅੰਦਰ ਸਫਾਈ ਅਤੇ ਸੁੰਦਰਤਾ ਦੇ ਖੇਤਰ ਵਿੱਚ ਇਕ ਨਮੂਨੇ ਦਾ ਸ਼ਹਿਰ ਵਿਕਸਤ ਕਰਨ ਦੇ ਵਾਅਦੇ ਨੂੰ ਦੁਹਰਾਉਂਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਵੱਧ ਸੁੰਦਰ ਅਤੇ ਸਫਾਈ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਅਤੇ ਪੜਾਅਵਰ ਇਹ ਕਾਰਜ ਮੁਕੰਮਲ ਹੋਣੇ ਸ਼ੁਰੂ ਹੋਣ ਜਾ ਰਹੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply