
ਪਠਾਨਕੋਟ, 17 ਦਸੰਬਰ (ਪ.ਪ)- ਪੰਜਾਬ ਸਰਕਾਰ ਵੱਲੋ ਮੱਛੀ ਪਾਲਣ ਧੰਦੇ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਮੱਛੀ ਪਾਲਣ ਲਈ ਛੱਪੜਾਂ ਦੀ ਪੁਟਾਈ, ਖੁਰਾਕ ਅਤੇ ਨਵੇਂ ਮੱਛੀ ਪਾਲਣ ਤਲਾਬ ਬਣਾਉਣ ‘ਤੇ 20 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਸਰਕਾਰ ਵੱਲੋ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਸ ਤਹਿਤ ਘੱਟ ਵਿਆਜ ‘ਤੇ ਕਰਜ਼ੇ ਵੀ ਦਿੱਤੇ ਜਾ ਰਹੇ ਹਨ।
ਡਿਪਟੀ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਹੈਕਟੇਅਰ ਛੱਪੜ ਦੀ ਪੁਟਾਈ ‘ਤੇ 1.50 ਲੱਖ ਰੁਪਏ, ਇੱਕ ਹੈਕਟੇਅਰ ਛੱਪੜ ਦੀ ਖੁਰਾਕ ‘ਤੇ 50 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਇੱਕ ਹੈਕਟੇਅਰ ਵਿੱਚ ਨਵੇਂ ਮੱਛੀ ਪਾਲਣ ਤਲਾਬ ਬਣਾਉਣ ਦੇ ਲਈ ਘੱਟ ਬਿਆਜ ਦਰਾਂ ‘ਤੇ 4 ਲੱਖ ਰੁਪਏ ਦਾ ਲੋਨ ਵੀ ਦਿੱਤੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋਂ ਮੱਛੀ ਪਾਲਕ ਪਹਿਲਾਂ ਤੋਂ ਹੀ ਇਸ ਧੰਦੇ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਚਾਰ ਪੈਡਲ ਵਾਲੇ ਏਰੀਏਟਰ ਦੀ ਖਰੀਦ ‘ਤੇ 23 ਹਜਾਰ ਰੁਪਏ ਅਤੇ ਦੋ ਪੈਡਲ ਦੇ ਏਰੀਏਟਰ ਦੀ ਖਰੀਦ ‘ਤੇ 18 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਮੱਛੀ ਪਾਲਣ ਪੰਜਾਬ ਦਾ ਸਭ ਤੋਂ ਪੁਰਾਣਾ ਕਿੱਤਾ ਹੈ ਅਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਇਸ ਕਾਰੋਬਾਰ ਤੋ ਵਧੇਰੇ ਲਾਭ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੇ ਧੰਦੇ ਸਬੰਧੀ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅਤੇ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਮਹੀਨੇ ਵਿੱਚ ਘੱਟ ਕੀਮਤ ‘ਤੇ ਮੱਛੀ ਪਾਲਣ ਦਾ ਸੀਡ ਵੀ ਉਪਲਬੱਧ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਮੱਛੀ ਪਾਲਣ ਦੇ 125 ਪਾਊਂਡ ਚੱਲ ਰਹੇ ਸਨ ਅਤੇ ਮੱਛੀ ਪਾਲਣ ਵਿਭਾਗ ਦੇ ਯੋਗ ਉਪਰਾਲਿਆ ਸਦਕਾ ਹੁਣ ਇਹਨਾਂ ਦੀ ਸੰਖਿਆ ਵੱਧ ਕੇ 150 ਤੋ ਜਿਆਦਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਪੰਚਾਇਤੀ ਛੱਪੜ ਠੇਕੇ ‘ਤੇ ਦੇਣ ਲਈ ਨਿਰਧਾਰਤ ਸਮੇਂ ਵਿੱਚ ਵਾਧਾ ਕਰਕੇ 10 ਸਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਪਹਿਲਾ ਮੱਛੀ ਪਾਲਣ ਦੇ ਅਧੀਨ 160 ਹੈਕਟੇਅਰ ਰਕਬਾ ਆਉਦਾ ਸੀ ਅਤੇ ਸਰਕਾਰ ਦੇ ਉਪਰਾਲਿਆ ਸਦਕਾ ਜ਼ਿਲ੍ਹੇ ਅੰਦਰ 24 ਹੈਕਟੇਅਰ ਹੋਰ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਕੈਂਪ ਲਗਾ ਕੇ ਮੱਛੀ ਪਾਲਣ ਦੇ ਧੰਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media